30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਦੋਸ਼ੀਆਂ ਵਲੋਂ ਜਬਰੀ ਲਗਾਏ ਨਸ਼ੀਲੇ ਟੀਕੇ ਨਾਲ ਫ਼ੌਜੀ ਜਵਾਨ ਦੀ ਹੋਈ ਮੌਤ-ਡੀ. ਐੱਸ. ਪੀ. ਔਲਖ

ਅਜੀਤ ਡੈਸਕ 18-07-2025
ਸ੍ਰੀ ਚਮਕੌਰ ਸਾਹਿਬ,17 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਨੇੜੇ ਪਿੰਡ ਖੋਖਰਾਂ ਵਿਖੇ ਪਿੰਡ ਫਤਿਹਗੜ ਵੀਰਾਨ ਦੇ ਫ਼ੌਜੀ ਜਵਾਨ ਦੀ ਕਾਰ 'ਚੋਂ ਮਿਲੀ ਭੇਦਭਰੀ ਹਾਲਤ ਵਿਚ ਲਾਸ਼ ਵਾਲੇ ਮਾਮਲੇ 'ਚ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਹੈਰੀ ਵਾਸੀ ਟੱਪਰੀਆਂ ਅਮਰ ਸਿੰਘ ਥਾਣਾ ਸ੍ਰੀ ਚਮਕੌਰ ਸਾਹਿਬ ਨੂੰ ਹਿਰਾਸਤ ਵਿਚ ਲੈ ਕੇ ਕੀਤੀ ਜਾਂਚ ਤੋਂ ਬਾਅਦ ਹੈਰੀ ਸਮੇਤ 4 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਥਾਣੇ ਵਿਚ ਇੱਥੋਂ ਦੇ ਡੀ ਐਸ ਪੀ ਮਨਜੀਤ ਸਿੰਘ ਔਲਖ ਵਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 16 ਜੁਲਾਈ ਨੂੰ ਸਵੇਰੇ ਉਕਤ ਫੌਜੀ ਜਵਾਨ ਕੁਲਜੀਤ ਸਿੰਘ ਪੁੱਤਰ ਅਰਜਨ ਸਿੰਘ ਦੀ ਭੇਦਭਰੀ ਹਾਲਤ 'ਚ ਮਿਲੀ ਲਾਸ਼ ਤੋਂ ਬਾਅਦ ਮਿ੍ਤਕ ਦੀ ਪਤਨੀ ਕਰਮਜੀਤ ਕੌਰ ਵਲੋਂ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਪਤੀ ਨੂੰ ਪਿੰਡ ਟਪਰੀਆਂ ਅਮਰ ਸਿੰਘ ਦੇ ਹਰਪ੍ਰੀਤ ਸਿੰਘ ਹੈਰੀ ਨੇ ਕੋਈ ਨਸ਼ੀਲਾ ਜਾਂ ਜ਼ਹਿਰੀਲੀ ਵਸਤੂ ਦਿੱਤੀ ,ਜਿਸ ਕਾਰਨ ਉਸ ਦੀ ਮੌਤ ਹੋਈ ਹੈ | ਡੀ. ਐਸ. ਪੀ. ਸ੍ਰੀ ਔਲਖ ਨੇ ਦੱਸਿਆ ਕਿ ਇਸ ਬਿਆਨ ਤੋਂ ਬਾਅਦ ਪੁਲਿਸ ਨੇ ਹੈਰੀ ਨੂੰ ਕਾਬੂ ਕਰਕੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਪਿੰਡ ਸ਼ੇਰਪੁਰ ਥਾਣਾ ਮਾਛੀਵਾੜਾ ਦੇ ਨੀਰਜ ਕੁਮਾਰ ਉਰਫ ਬੌਬੀ ਪੁੱਤਰ ਕੁਲਵੰਤ ਸਿੰਘ ਤੋਂ ਹੈਰੋਇਨ ਲਿਆਕੇ ਉਨ੍ਹਾਂ ਦੋਵਾਂ ਨੇ ਕੁਲਜੀਤ ਸਿੰਘ ਨੂੰ ਉਸ ਦੀ ਮਰਜੀ ਤੋਂ ਬਗੈਰ ਜਬਰੀ ਨਸ਼ੇ ਦਾ ਟੀਕਾ ਲਗਾਇਆ,ਉਸ ਤੋਂ ਬਾਅਦ ਕੁਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਹੈਰੀ ਕੱਪੜੇ ਲੈਣ ਲਈ ਸ੍ਰੀ ਚਮਕੌਰ ਸਾਹਿਬ ਆ ਗਏ ਵਾਪਸੀ ਜਾਂਦਿਆਂ ਧੋਲਰਾਂ -ਜੰਡ ਸਾਹਿਬ ਸੜਕ ਤੇ ਮੁੜ ਹੈਰੀ ਨੇ ਕੁਲਜੀਤ ਸਿੰਘ ਦੇ ਧੱਕੇ ਨਾਲ ਨਸ਼ੇ ਦਾ ਟੀਕਾ ਲਗਾ ਦਿੱਤਾ,ਜਿਸ ਨਾਲ ਕੁਲਜੀਤ ਸਿੰਘ ਦੀ ਹਾਲਾਤ ਖਰਾਬ ਹੋ ਗਈ | ਇਸ ਦੌਰਾਨ ਉਨ੍ਹਾਂ ਦੇ ਦੋ ਦੋਸਤ ਹਰਸਿਮਰਨਪ੍ਰੀਤ
ਸਿੰਘ ਪਿੰਡ ਖੋਖਰਾਂ ਅਤੇ ਹਰਸ਼ਦੀਪ ਸਿੰਘ ਪਿੰਡ ਬਹਿਰਾਮਪੁਰ ਬੇਟ ਮਿਲ ਗਏ,ਜਿਨ੍ਹਾਂ ਨੂੰ ਹੈਰੀ ਨੇ ਦੱਸਿਆ ਕਿ ਕੁਲਜੀਤ ਸਿੰਘ ਨੇ ਨਸ਼ੇ ਦਾ ਟੀਕਾ ਲਗਾ ਲਿਆ ਹੈ,ਜਿਸ ਕਾਰਨ ਇਸ ਦੀ ਹਾਲਾਤ ਖਰਾਬ ਹੋ ਗਈ ਹੈ | ਇਨ੍ਹਾਂ ਨੇ ਕੁਲਜੀਤ ਸਿੰਘ ਨੂੰ ਕੋਲਡ ਡਰਿੰਕ ਪਿਲਾਉਣ ਦੀ ਕੋਸ਼ਿਸ ਕੀਤੀ ਪਰ ਹਾਲਾਤ ਹੋਰ ਖਰਾਬ ਹੋਣ ਅਤੇ ਉਲਟੀ ਆ ਜਾਣ ਕਾਰਨ ਹਰਸਿਮਰਪ੍ਰੀਤ ਸਿੰਘ ਅਤੇ ਹਰਸ਼ਦੀਪ ਸਿੰਘ ਤਾਂ ਉਥੋਂ ਖਿਸਕ ਗਏ ਪਰ ਬੇਸੁੱਧ ਹੋਏ ਕੁਲਜੀਤ ਸਿੰਘ ਨੂੰ ਹੈਰੀ ਪਿੰਡ ਖੋਖਰਾਂ ਦੀ ਪਾਣੀ ਦੀ ਟੈਂਕੀ ਨੇੜਲੇ ਮੈਦਾਨ 'ਚ ਸਮੇਤ ਉਸ ਦੀ ਕਾਰ ਛੱਡ ਕੇ ਫਰਾਰ ਹੋ ਗਿਆ | ਜਿਸ ਕਾਰਨ ਕੁਲਜੀਤ ਸਿੰਘ ਦੀ ਮੌਤ ਹੋ ਗਈ | ਡੀ ਐਸ ਪੀ ਸ੍ਰੀ ਔਲਖ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਨੰਬਰ 98 ਅਧੀਨ ਧਾਰਾ 105 ਬੀ ਐਨ ਐਸ , 3(5) ਬੀ ਐਨ ਐਸ ਤਹਿਤ ਬਰਖਿਲਾਫ ਹਰਪ੍ਰੀਤ ਸਿੰਘ ਹੈਰੀ,ਹਰਸਿਮਰਪ੍ਰੀਤ ਸਿੰਘ ਪੁੱਤਰ ਜਗਮੇਲ ਸਿੰਘ ਪਿੰਡ ਖੋਖਰਾਂ ਥਾਣਾ ਸ੍ਰੀ ਚਮਕੌਰ ਸਾਹਿਬ, ਹਰਸ਼ਦੀਪ ਸਿੰਘ ਪੁੱਤਰ ਸੰਦੀਪ ਕੁਮਾਰ ਵਾਸੀ ਬਹਿਰਾਮਪੁਰ ਬੇਟ ਥਾਣਾ ਦਰਜ ਕਰਕੇ ਗਿ੍ਫਤਾਰ ਕਰ ਲਿਆ ਹੈ ਜਦੋ ਕਿ ਨੀਰਜ ਕੁਮਾਰ ਵਾਸੀ ਸ਼ੇਰਪੁਰ ਥਾਣਾ ਮਾਛੀਵਾੜਾ ਖਿਲਾਫ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਨੂੰ 99 ਦਰਜ ਕੀਤਾ ਹੈ, ਉਸ ਕੋਲੋਂ 126.67 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਹੈਰੀ ਅਤੇ ਨੀਰਜ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਤੇ ਇਸ ਦੌਰਾਨ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ |
ਪਿਛਲੀ ਖ਼ਬਰ ਗੁਰਦੁਆਰਾ ਮਾਤਾ ਜੀਤੋ ਜੀ ਅਗੰਮਪੁਰ ਵਿਖੇ ਸੰਗਤਾਂ ਨੇ ਲਗਾਇਆ ਮਾਲ੍ਹ-ਪੂੜਿਆਂ ਦਾ ਲੰਗਰ ਅਗਲੀ ਖ਼ਬਰ ਚਿੱਟੇ ਟਿੱਡੇ ਦਾ ਵਾਇਰਸ ਕਰ ਰਿਹਾ ਝੋਨੇ ਦੀ ਫ਼ਸਲ ਤਬਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।