ਪੁਰਖਾਲੀ, 17 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)-ਬਿੰਦਰਖ-ਪੁਰਖਾਲੀ-ਮੀਆਂਪੁਰ- ਰੰਗੀਲਪੁਰ ਸੜਕ 'ਤੇ ਵੱਡੇ ਕੰਟੇਨਰ ਚੱਲਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹੋ ਰਹੇ ਹਨ | ਇਸ ਸੰਬੰਧੀ ਸੁਰਮੁੱਖ ਸਿੰਘ ਸਰਪੰਚ ਬਿੰਦਰਖ, ਮੇਵਾ ਸਿੰਘ ਸਾ ਸਰਪੰਚ ਬਿੰਦਰਖ, ਸੁਖਵਿੰਦਰ ਸਿੰਘ ਪੰਚ, ਮਨਿੰਦਰ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਬਲਦੇਵ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ ਆਦਿ ਨੇ ਦੱਸਿਆ ਕਿ ਪੁਰਖਾਲੀ -ਬਿੰਦਰਖ ਨੇੜੇ ਪੈਂਦੀ ਫ਼ੈਕਟਰੀ ਨੂੰ ਆਉਣ ਵਾਲੇ ਕੰਟੇਨਰ ਇਲਾਕਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਟੇਨਰਾਂ ਦੀ ਲੰਬਾਈ ਬਹੁਤ ਜਿਆਦਾ ਹੋਣ ਕਾਰਨ ਇਹ ਕੰਟੇਨਰ ਲੋਕਾਂ ਦੇ ਘਰਾਂ ਦੀਆਂ ਕੰਧਾਂ ਨਾਲ ਟਕਰਾਉਂਦੇ ਰਹਿੰਦੇ ਹਨ ਅਤੇ ਘਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਕੰਟੇਨਰ ਜਦ ਪੁਰਖਾਲੀ ਅਤੇ ਮੀਆਂਪੁਰ ਦੀ ਮਾਰਕੀਟ ਵਿਚੋਂ ਲੰਘਦੇ ਹਨ ਤਾਂ ਸੜਕ 'ਚ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਇਹ ਕੰਟੇਨਰ ਆਵਾਜਾਈ 'ਚ ਵੀ ਵਿਘਨ ਪਾ ਰਹੇ ਹਨ ਅਤੇ ਨਾ ਹੀ ਇਨ੍ਹਾਂ ਦੀਆਂ ਨੰਬਰ ਪਲੇਟਾਂ ਪੜ੍ਹ ਹੁੰਦੀਆਂ ਹਨ, ਪਰ ਇਨ੍ਹਾਂ ਵੱਲ ਪੁਲਿਸ ਦਾ ਧਿਆਨ ਨਹੀਂ ਗਿਆ ਜਦਕਿ ਗਰੀਬ ਮੋਟਰ ਸਾਇਕਲ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ | ਲੋਕਾਂ ਨੇ ਦੱਸਿਆ ਕਿ ਬਿੰਦਰਖ-ਪੁਰਖਾਲੀ ਰੋਡ 'ਤੇ ਪੈਂਦੀ ਫੈਕਟਰੀ ਮੂਹਰੇ ਸੜਕ ਦੇ ਨਾਲ ਇਹ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਰਾਹਗੀਰਾਂ ਨੂੰ ਅੱਗੇ ਰਸਤਾ ਨਹੀਂ ਦਿਸਦਾ | ਉਨ੍ਹਾਂ ਕਿਹਾ ਕਿ ਜੇਕਰ ਇਸ ਫੈਕਟਰੀ ਨੇ ਕੰਟੇਨਰ ਚਲਾਉਣੇ ਹੀ ਹਨ ਤਾਂ ਇਨ੍ਹਾਂ ਕੰਟੇਨਰਾਂ ਲਈ ਕੋਈ ਹੋਰ ਰਸਤਾ ਲਿਆ ਜਾਵੇ, ਪਰ ਲੋਕਾਂ ਨੂੰ ਨੁਕਸਾਨ ਨਾ ਪੁਜਾਇਆ ਜਾਵੇ | ਉਨ੍ਹਾਂ ਇਸ ਸੰਬੰਧੀ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਰੋਪੜ ਅਤੇ ਆਰ.ਟੀ.ਏ. ਰੋਪੜ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ |