ਰੂਪਨਗਰ, 17 ਜੁਲਾਈ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਜ਼ਿਲ੍ਹਾ ਰੂਪਨਗਰ ਪੁਲਿਸ ਵਲੋਂ ਨਸ਼ੇ ਨੂੰ ਵੇਚਣ ਵਾਲਿਆਂ ਵਿਰੁੱਧ ਕਾਰਵਾਈਆਂ ਨਿਰੰਤਰ ਜਾਰੀ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਣਿਆਂ 'ਚ ਨਸ਼ਾ ਕਰਨ ਦੇ ਆਦੀ ਵਿਅਕਤੀਆ ਸਮੇਤ 9 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ 193 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ/ਪਦਾਰਥ, 15 ਗ੍ਰਾਮ ਤੋਂ ਵੱਧ ਹੈਰੋਈਨ, 180 ਨਸ਼ੀਲੀ ਗੋਲੀਆਂ ਅਤੇ 15000/- ਡਰੱਗ ਮਨੀ ਬ੍ਰਾਮਦ ਕੀਤੀ ਗਈ ਅਤੇ ਸੀਮਿੰਟ ਨਾਲ ਭਰੇ ਟਰੱਕ ਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ | ਥਾਣਾ ਸਦਰ ਰੂਪਨਗਰ ਵਲੋਂ ਜਸਪਾਲ ਸਿੰਘ ਉਰਫ ਸ਼ਾਲੂ ਵਾਸੀ ਗਲੀ ਨੰਬਰ 02 ਪਿੰਡ ਨੂੰ ਹੋ ਨੂੰ ਗਿ੍ਫਤਾਰ ਕਰਕੇ 37 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ, ਥਾਣਾ ਸ੍ਰੀ ਚਮਕੌਰ ਸਾਹਿਬ ਵੱਲੋਂ ਨੀਰਜ ਕੁਮਾਰ ਵਾਸੀ ਸ਼ੇਰਪੁਰ ਬੇਟ ਨੂੰ ਗਿ੍ਫਤਾਰ ਕਰਕੇ 126 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ, ਥਾਣਾ ਸਿਟੀ ਮੋਰਿੰਡਾ ਵੱਲੋਂ ਲਲਿਤ ਸੂਦ ਉਰਫ ਮੋਹਿਤ ਸੂਦ ਵਾਸੀ ਵਾਰਡ ਨੰਬਰ-9 ਸੰਤ ਨਗਰ ਮੋਰਿੰਡਾ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ 180 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਅਤੇ ਗਗਨਦੀਪ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਕੋਕਰੀ ਕਲਾਂ ਥਾਣਾ ਅਜਿੱਤਵਾਲ ਜ਼ਿਲ੍ਹਾ ਮੋਗਾ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੇ 29 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਅਤੇ 15000/- ਰੁਪਏ (ਡਰੱਗ ਮਨੀ) ਬ੍ਰਾਮਦ ਕੀਤੀ ਗਈ, ਥਾਣਾ ਸਿਟੀ ਰੂਪਨਗਰ ਵੱਲੋਂ ਗਗਨਦੀਪ ਕੌਰ ਵਾਸੀ ਪਿੰਡ ਰਿਤੋੜ ਥਾਣਾ ਨਾਲਾਗੜ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ 15 ਗ੍ਰਾਮ ਤੋਂ ਵੱਧ ਹੈਰੋਈਨ ਬ੍ਰਾਮਦ ਕੀਤੀ ਗਈ | ਇਸ ਤੋਂ ਇਲਾਵਾ ਥਾਣਾ ਸਦਰ ਮੋਰਿੰਡਾ ਵੱਲੋਂ ਨਸ਼ਾ ਕਰਨ ਦੇ ਆਦੀ ਸੁਖਵਿੰਦਰ ਸਿੰਘ ਉਰਫ ਲਾਲਾ ਵਾਸੀ ਪਿੰਡ ਮੁੰਡੀਆਂ, ਥਾਣਾ ਸਿਟੀ ਰੂਪਨਗਰ ਵੱਲੋਂ ਨਸ਼ਾ ਕਰਨ ਦੇ ਆਦੀ ਰਾਹੁਲ ਵਾਸੀ ਵਾਲਮੀਕ ਮੁਹੱਲਾ ਰੂਪਨਗਰ ਅਤੇ ਥਾਣਾ ਨੂਰਪੁਰਬੇਦੀ ਵੱਲੋ ਨਸ਼ਾ ਕਰਨ ਦੇ ਆਦੀ ਹਰਪਿੰਦਰ ਸਿੰਘ ਵਾਸੀ ਪਿੰਡ ਸਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤੇ ਗਏ | ਉਨ੍ਹਾਂ ਅੱਗੇ ਦੱਸਿਆਂ ਕਿ 15 ਜੁਲਾਈ 2025 ਨੂੰ ਅਲੀਪੁਰ ਪੈਟਰੋਲ ਪੰਪ ਦੇ ਕੋਲ ਸੀਮਿੰਟ ਦੀਆਂ ਬੋਰੀਆਂ ਨਾਲ ਭਰੇ ਇੱਕ ਟਰੱਕ ਦੇ ਚੋਰੀ ਹੋਣ ਸਬੰਧੀ ਸੂਚਨਾ ਮਿਲਣ ਤੋ ਥਾਣਾ ਸਦਰ ਰੂਪਨਗਰ ਵਲੋਂ ਬੀ.ਐਨ.ਐਸ. ਦੀਆਂ ਧਾਰਾਵਾਂ ਅਧੀਨ ਮੁਕੱਦਮਾ ਨੰਬਰ 116 ਮਿਤੀ 15.07.2025 ਦਰਜ਼ ਕੀਤਾ ਗਿਆ, ਜਿਸ ਤੇ ਥਾਣਾ ਸਦਰ ਰੂਪਨਗਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਵਿਚ ਤਕਨੀਕੀ ਅਤੇ ਵਿਗਿਆਨਕ ਢੰਗਾ ਨਾਲ ਤਫਤੀਸ਼ ਕਰਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੁਰਿੰਦਰ ਸਿੰਘ ਉਰਫ ਰਾਜੂ ਵਾਸੀ ਸੈਕਟਰ 22 ਸੰਗਤਪੁਰ ਮੁਹੱਲਾ, ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਗਿ੍ਫਤਾਰ ਕੀਤਾ ਗਿਆ ਅਤੇ ਚੋਰੀ ਕੀਤਾ ਟਰੱਕ ਬ੍ਰਾਮਦ ਕੀਤਾ ਗਿਆ | ਜਿਸ ਦੀ ਅਗਲੇਰੀ ਤਫਤੀਸ਼ ਜਾਰੀ ਹੈ, ਜਿਸ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ |