ਢੇਰ, 16 ਜੁਲਾਈ (ਸ਼ਿਵ ਕੁਮਾਰ ਕਾਲੀਆ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਟੋਰ ਦੇ ਵਸਨੀਕ ਅਤੇ ਉੱਘੇ ਸਮਾਜ ਸੇਵੀ ਭਗਵੰਤ ਸਿੰਘ ਮਟੌਰ ਵਲੋਂ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ, ਪੰਜਾਬ ਤੇ ਪੰਜਾਬੀਅਤ ਨਾਲ ਜੋੜਨ ਦੇ ਮੰਤਵ ਨਾਲ ਇੱਕ ਨਿਵੇਕਲੀ ਪਹਿਲ ਕੀਤੀ ਗਈ | ਇਸ ਅਹਿਮ ਪਹਿਲਕਦਮੀ ਤਹਿਤ ਮਟੋਰ ਵਲੋਂ ਸ਼ਹਿਰ ਅੰਦਰ ਅਤੇ ਵੱਖ-ਵੱਖ ਪਿੰਡਾਂ 'ਚ ਸਿੱਖ ਇਤਿਹਾਸ 'ਤੇ ਚਾਨਣਾ ਪਾਉਂਦੇ ਵੱਡੇ ਵੱਡੇ ਪੋਸਟਰ ਲਗਾਏ ਗਏ, ਜਿਸ ਦੀ ਸ਼ੁਰੂਆਤ ਉਨ੍ਹਾਂ ਵਲੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਂਦਿਆਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਨਜ਼ਦੀਕ ਪੈਂਦੇ ਆਪਣੇ ਪਿੰਡ ਮਟੋਰ ਤੋਂ ਕੀਤੀ ਗਈ ਸੀ | ਅੱਜ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਪਿੰਡ ਜਿੰਦਵੜੀ ਦੇ ਵਿਚ ਪੰਜਾਬੀ ਮਾਂ ਬੋਲੀ ਦੇ ਪੋਸਟਰ ਲਗਾਏ ਗਏ ਭਗਵੰਤ ਸਿੰਘ ਮਟੋਰ ਨੇ ਦੱਸਿਆ ਕਿ ਮੇਰਾ ਇਹਨਾਂ ਪੋਸਟਰਾਂ ਨੂੰ ਲਗਾਉਣ ਦਾ ਮੁੱਖ ਮੰਤਵ ਇਹ ਹੈ ਕਿ ਹਰ ਆਉਣ ਜਾਣ ਵਾਲਾ ਵਿਅਕਤੀ ਇਹਨਾਂ ਪੋਸਟਰਾ ਤੇ ਝਾਤ ਮਾਰਨ ਉਪਰੰਤ ਆਪਣੇ ਅੰਦਰ ਝਾਤ ਮਾਰੇ ਅਤੇ ਆਪਣੇ ਅਮੀਰ ਵਿਰਸੇ ਤੇ ਆਪਣੇ ਅਮੀਰ ਇਤਿਹਾਸ ਨਾਲ ਸਾਂਝ ਪਾਉਣ ਲਈ ਮਜਬੂਰ ਹੋਵੇ | ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਰਾਣਾ, ਜਤਿੰਦਰ ਸਿੰਘ ਢੇਰ,ਓਾਕਾਰ ਸਿੰਘ , ਡਾ ਸੁਰਿੰਦਰ ਸਿੰਘ, ਜਤਿੰਦਰ ਕੁਮਾਰ ਜੋਤੀ,ਓਮ ਨੱਢਾ, ਕਰਨ ਸ਼ਰਮਾ ਆਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |