ਨੂਰਪੁਰ ਬੇਦੀ, 16 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬੀਤੀ ਦੇਰ ਰਾਤ ਮੁੜ ਚੋਰਾਂ ਨੇ ਸਥਾਨਕ ਪੁਲਿਸ ਥਾਣੇ ਤੋਂ ਸਿਰਫ਼ ਇੱਕ ਕਿੱਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਜੱਟਪੁਰ ਵਿਖੇ ਪੰਜ ਕਿਸਾਨਾਂ ਦੀਆਂ ਸਿੰਚਾਈ ਵਾਲੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰ ਲਈਆਂ ਹਨ | ਜਿਸ ਕਾਰਨ ਜਿੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ, ਉੱਥੇ ਪੁਲਿਸ ਦਾ ਗੈਰ ਸਮਾਜੀ ਅਨਸਰਾਂ ਚ ਡਰ ਭੈਅ ਉੱਡਣ ਤੋਂ ਵੀ ਲੋਕ ਚਿੰਤਤ ਹਨ | ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਚੋਰਾਂ ਵਲੋਂ ਪਿੰਡ ਦੀ ਸਰਪੰਚ ਜਸਪਾਲ ਕੌਰ, ਸਾਬਕਾ ਸਰਪੰਚ ਸੂਬੇਦਾਰ ਚੰਨਣ ਸਿੰਘ ਤੇ ਉਸਦੇ ਭਤੀਜੇ ਮੋਹਨ ਸਿੰਘ ਆਦਿ 3 ਕਿਸਾਨਾਂ ਦੀਆਂ ਸਿੰਚਾਈ ਵਾਲੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ ਸਨ | ਮਗਰ 3 ਦਿਨਾਂ ਬਾਅਦ 14 ਜੁਲਾਈ ਨੂੰ 2 ਹੋਰ ਕਿਸਾਨਾਂ ਰੂਬੀ ਭੁੱਲਰ ਅਤੇ ਪੰਚ ਦੇਸਰਾਜ ਜਦਕਿ 15 ਜੁਲਾਈ ਨੂੰ ਮਾ. ਛੋਟੂ ਰਾਮ, ਫੌਜੀ ਬਤਨ ਸਿੰਘ ਤੇ ਸੂਬੇੇਦਾਰ ਨਿਰਮਲ ਸਿੰਘ ਆਦਿ 5 ਕਿਸਾਨਾਂ ਦੀਆਂ ਖੇਤਾਂ 'ਚ ਲੱਗੀਆਂ ਮੋਟਰਾਂ ਦੀਆਂ ਚੋਰ ਤਾਰਾਂ ਚੋਰੀ ਕਰਕੇ ਫਰਾਰ ਹੋ ਗਏ | 2 ਦਿਨਾਂ 'ਚ 5 ਕਿਸਾਨਾਂ ਦੀਆਂ ਤਾਰਾਂ ਚੋਰੀ ਹੋਣ ਸਬੰਧੀ ਅੱਜ ਕਿਸਾਨਾਂ ਨੂੰ ਖੇਤਾਂ 'ਚ ਪਹੁੰਚਣ 'ਤੇ ਪਤਾ ਚੱਲਿਆ | ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੰਬਰਦਾਰ ਕੁਲਵਿੰਦਰ ਸਿੰਘ ਨੇੇ ਦੱਸਿਆ ਕਿ ਕੇਵਲ 4 ਦਿਨਾਂ 'ਚ ਹੀ ਚੋਰ ਪਿੰਡ ਦੇੇ 8 ਕਿਸਾਨਾਂ ਦੀਆਂ ਮੋਟਰਾਂ ਦੀਆਂ ਕੀਮਤੀ ਤਾਰਾਂ ਚੋਰੀ ਕਰਕੇ ਲੈ ਗਏ ਹਨ | ਜਿਸ ਲਈ ਹੁਣ ਉੁਨ੍ਹਾਂ ਨੂੰ ਆਪਣੀਆਂ ਮੋਟਰਾਂ ਦੀ ਰਖਵਾਲੀ ਲਈ ਖੇਤਾਂ 'ਚ ਸੌਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈੇ | ਪੀੜਤਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਹੀ ਅਜਿਹੇ ਗੈਰ ਸਮਾਜੀ ਕੰਮਾਂ ਲਈ ਜ਼ਿੰਮੇਦਾਰ ਹੈ | ਗੁਸਾਏ ਕਿਸਾਨਾਂ ਨੇ ਕਿਹਾ ਕਿ ਅਜਿਹੀ ਸੂਰਤ ਚ ਉਨਾਂ ਦਾ ਆਰਥਿਕ ਨੁਕਸਾਨ ਹੋਣ ਦੇ ਨਾਲ ਖੇਤੀ ਧੰਦਾ ਵੀ ਪ੍ਰਭਾਵਿਤ ਹੋ ਰਿਹਾ ਹੈ | ਪਿੰਡ ਵਾਸੀਆਂ ਨੇ ਚੋਰੀਆਂ ਸਬੰਧੀ ਥਾਨੇ ਵਿਖੇ ਇਤਲਾਹ ਦੇ ਦਿੱਤੀ ਹੈ | ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਪੁਲਿਸ ਨੂੰ ਚੁਸਤ ਦਰੁਸਤ ਕੀਤੇ ਜਾਣ ਦੀ ਮੰਗ ਕੀਤੀ ਹੈ |