ਰੂਪਨਗਰ, 14 ਜੁਲਾਈ (ਯਸ਼ਵੰਤ ਬੱਸੀ)-ਇਨਰਵ੍ਹੀਲ ਕਲੱਬ ਦਾ ਸਥਾਪਨਾ ਦਿਵਸ ਰੋਟਰੀ ਭਵਨ ਰੂਪਨਗਰ ਵਿਖੇ ਸ੍ਰੀਮਤੀ ਬਿ੍ਜ ਪਰਮਾਰ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਕਲੱਬ ਦੀ ਨਵ ਨਿਯੁਕਤ ਪ੍ਰਧਾਨ ਸ੍ਰੀਮਤੀ ਗੁਰਮੀਤ ਕੌਰ ਨੂੰ ਰਸਮੀ ਤੌਰ ਤੇ ਕਾਲਰ ਪਹਿਨਾਉਣ ਦੀ ਰਸਮ ਸ੍ਰੀਮਤੀ ਬਿ੍ਜ ਪਰਮਾਰ ਵਲੋਂ ਅਦਾ ਕੀਤੀ ਗਈ | ਇਨਰਵ੍ਹੀਲ ਕਲੱਬ ਦੀ ਪ੍ਰਧਾਨ ਗੁਰਮੀਤ ਕੌਰ ਨੇ ਕਲੱਬ ਦੀਆਂ ਭਵਿੱਖੀ ਗਤੀਵਿਧੀਆਂ ਜਿਸ ਵਿਚ ਨਸ਼ਿਆਂ ਦੀ ਰੋਕਥਾਮ, ਵਾਤਾਵਰਨ ਜਾਗਰੂਕਤਾ, ਸਿੱਖਿਆ, ਸਿਹਤ, ਪਾਣੀ, ਸਫ਼ਾਈ ਅਤੇ ਸਮਾਜ ਦੇ ਸੀਨੀਅਰ ਸਿਟੀਜਨਾਂ ਦੀ ਬਿਹਤਰੀ ਆਦਿ ਵਿਸ਼ਿਆਂ 'ਤੇ ਕੰਮ ਕਰਨ ਦਾ ਭਰੋਸਾ ਦਵਾਇਆ | ਕਲੱਬ ਦੀ ਨਵੀਂ ਚੁਣੀ ਟੀਮ 'ਚ ਪ੍ਰਧਾਨ ਗੁਰਮੀਤ ਕੌਰ ਤੋਂ ਇਲਾਵਾ ਸ੍ਰੀਮਤੀ ਵਿਨੀਤਾ ਗੁਪਤਾ ਨੂੰ ਉਪ ਪ੍ਰਧਾਨ, ਸ੍ਰੀਮਤੀ ਕੁਸਮ ਸ਼ਰਮਾ ਨੂੰ ਸਕੱਤਰ, ਸ੍ਰੀਮਤੀ ਬਿੰਦੂ ਸ਼ਰਮਾ ਸੰਯੁਕਤ ਸਕੱਤਰ, ਸ੍ਰੀਮਤੀ ਆਸਿਮਾ ਅਗਰਵਾਲ ਨੂੰ ਖ਼ਜ਼ਾਨਚੀ, ਪਰਮਿੰਦਰ ਕੌਰ ਪੰਦੋਹਲ ਨੂੰ ਐਡੀਟਰ ਅਤੇ ਰਵਿੰਦਰ ਕੌਰ ਨੂੰ ਕੋ-ਐਡੀਟਰ ਐਲਾਨਿਆ ਗਿਆ | ਨਵੀਂ ਚੁਣੀ ਟੀਮ ਨੂੰ ਸ੍ਰੀਮਤੀ ਬਿ੍ਜ ਪਰਮਾਰ, ਸਾਬਕਾ ਪ੍ਰਧਾਨ ਬਲਵਿੰਦਰ ਕੌਰ ਅਤੇ ਹਰਜਿੰਦਰ ਕੌਰ ਨੇ ਮੁਬਾਰਕਬਾਦ ਦਿੱਤੀ |