ਰੂਪਨਗਰ, 14 ਜੁਲਾਈ (ਸਤਨਾਮ ਸਿੰਘ ਸੱਤੀ)- ਪੰਜਾਬ ਸਰਕਾਰ ਨੇ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਪਹਿਲੀ ਮਾਰਚ ਤੋਂ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅੱਜ ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾਵਾਂ ਤੇ ਕਾਸੋ ਆਪ੍ਰੇਸ਼ਨ (ਕਾਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ, ਸਦਾਬਰਤ ਵਿਖੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਅਗਵਾਈ ਕੀਤੀ | ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਕਾਸੋ ਓਪਰੇਸ਼ਨ ਅੱਜ ਜ਼ਿਲ੍ਹਾ ਪੱਧਰ ਤੇ ਸਦਾਬਰਤ ਅਤੇ ਬਹਿਰਾਮਪੁਰ ਕਲੋਨੀ ਵਿਖੇ ਚਲਾਇਆ ਗਿਆ, ਇਸ ਤੋਂ ਇਲਾਵਾ ਸਬ-ਡਵੀਜ਼ਨ ਪੱਧਰ ਤੇ ਵੀ ਇਹ ਓਪਰੇਸ਼ਨ ਚਲਾਇਆ ਗਿਆ ਜਿਸ ਵਿਚ 3 ਐੱਸ.ਪੀ, 9 ਡੀ.ਐੱਸ.ਪੀ. ਅਤੇ 200 ਦੇ ਕਰੀਬ ਪੁਲਿਸ ਮੁਲਾਜ਼ਮ ਲਗਾਏ ਗਏ ਹਨ | ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਕਾਰਗੁਜ਼ਾਰੀ ਬਹੁਤ ਸਫਲ ਰਹੀ ਹੈ, ਇਸ ਮੁਹਿੰਮ ਤਹਿਤ 01 ਮਾਰਚ ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਰੂਪਨਗਰ ਵਿਚ ਐਨ. ਡੀ. ਪੀ. ਐੱਸ. ਐਕਟ ਤਹਿਤ 267 ਪਰਚੇ ਦਰਜ ਕੀਤੇ ਗਏ ਅਤੇ 425 ਦੇ ਲਗਭਗ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਖੁਰਾਣਾ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਬੰਧੀ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ 425 ਨਸ਼ਾ ਤਸਕਰਾਂ ਕੋਲੋਂ 300 ਕਿਲੋ 18 ਗ੍ਰਾਮ ਭੁੱਕੀ, 02 ਕਿਲੋ 379 ਗ੍ਰਾਮ ਅਫੀਮ, 691 ਗ੍ਰਾਮ ਚਰਸ, 15 ਹਜਾਰ 275 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 372 ਟੀਕੇ, 01 ਕਿਲੋ 65 ਗ੍ਰਾਮ ਹੈਰੋਇਨ, 3 ਕਿਲੋ 753 ਗ੍ਰਾਮ ਨਸ਼ੀਲਾ ਪਾਊਡਰ, 430 ਗ੍ਰਾਮ ਗਾਂਜਾ, 2 ਲੱਖ 80 ਹਜ਼ਾਰ 875 ਰੁਪਏ ਡਰੱਗ ਮਨੀ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਨਸ਼ੇ ਦੀ ਆਦਤ ਤੋਂ ਪੀੜ੍ਹਤ 166 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿਚ ਦਾਖਲ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਆਮ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਸਬੰਧੀ ਜਾਗੂਰਕ ਕਰਨ ਅਤੇ ਪੁਲਿਸ ਨਾਲ ਪਬਲਿਕ ਦਾ ਤਾਲਮੇਲ ਹੋਰ ਵਧਾਉਣ ਲਈ ਪਿੰਡਾਂ ਵਿਚ ਜਾ ਕੇ ਗਜਟਿਡ ਅਫਸਰਾਂ ਅਤੇ ਮੁੱਖ ਅਫਸਰ ਥਾਣਾ ਵਲੋ ਮੀਟਿੰਗਾ ਕਰਕੇ ਉਨ੍ਹਾਂ ਨੂੰ ਪੰਜਾਬ ਐਂਟੀ ਡਰੱਗ ਹੈਲਪਲਾਇਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੁਝਾਅ ਵੀ ਲਏ ਗਏ | ਇਸ ਲੜੀ ਦੇ ਤਹਿਤ 01 ਜਨਵਰੀ 2025 ਤੋਂ ਲੈ ਕੇ ਅੱਜ ਤੱਕ ਜ਼ਿਲ੍ਹੇ ਭਰ ਵਿਚ 505 ਦੇ ਕਰੀਬ ਮੀਟਿੰਗਾ ਕੀਤੀਆ ਜਾ ਚੁੱਕੀਆ ਹਨ | ਇਸ ਮੌਕੇ ਐੱਸ. ਪੀ. ਅਰਵਿੰਦ ਮੀਨਾ, ਡੀ. ਐੱਸ. ਪੀ. ਰਾਜਪਾਲ ਸਿੰਘ ਗਿੱਲ, ਡੀ. ਐੱਸ. ਪੀ. ਜਸ਼ਨਦੀਪ ਸਿੰਘ, ਐੱਸ. ਐੱਚ. ਓ. ਪਵਨ ਚੌਧਰੀ ਅਤੇ ਹੋਰ ਉੱਚ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ |