ਮਾਨਸਾ, 20 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਬੇਰੁਜ਼ਗਾਰ ਸਾਂਝਾ ਮੋਰਚਾ ਦੀ ਇਕੱਤਰਤਾ ਸਥਾਨਕ ਸ਼ਹੀਦ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ | ਮੋਰਚੇ ਦੇ ਆਗੂ ਹਰਜਿੰਦਰ ਸਿੰਘ ਝੁਨੀਰ ਅਤੇ ਸੰਦੀਪ ਸਿੰਘ ਮੋਫ਼ਰ ਨੇ ਦੱਸਿਆ ਕਿ 'ਯੁੱਧ ਬੇਰੁਜ਼ਗਾਰੀ ਵਿਰੁੱਧ' ਤਹਿਤ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਖ਼ਾਲੀ ਪਈਆਂ ਸਹਾਇਕ ਪ੍ਰੋਫ਼ੈਸਰ, ਲੈਕਚਰਾਰ ਕਾਡਰ, ਮਾਸਟਰ ਕਾਡਰ ਆਦਿ ਸਾਰੀਆਂ ਸ਼੍ਰੇਣੀਆਂ ਦੀਆਂ ਅਸਾਮੀਆਂ ਜਾਰੀ ਕਰਵਾਉਣ, ਮਾਸਟਰ ਕਾਡਰ ਵਿਚ ਥੋਪੀ ਬੇਤੁਕੀ 55 ਪ੍ਰਤੀਸ਼ਤ ਅੰਕ ਦੀ ਸ਼ਰਤ ਰੱਦ ਕਰਵਾਉਣ, 250 ਆਰਟ ਐਂਡ ਕਰਾਫ਼ਟ ਅਸਾਮੀਆਂ ਦਾ ਪੇਪਰ ਲੈ ਕੇ ਭਰਤੀ ਮੁਕੰਮਲ ਕਰਨ, ਰੁਜ਼ਗਾਰ ਉਡੀਕ ਕਰਦੇ ਓਵਰਏਜ ਹੋ ਚੁੱਕੇ ਉਮੀਦਵਾਰਾਂ ਲਈ ਉਮਰ ਹੱਦ ਛੋਟ ਲੈਣ ਅਤੇ ਪ੍ਰਾਇਮਰੀ ਤੇ ਸੈਕੰਡਰੀ ਪੱਧਰ 'ਤੇ ਈ.ਟੀ.ਟੀ. ਅਤੇ ਵੋਕੇਸ਼ਨਲ, ਆਰਟ ਐਂਡ ਕਰਾਫ਼ਟ ਦੀਆਂ ਅਸਾਮੀਆਂ ਨੂੰ ਸਪੈਸ਼ਲ ਐਜੂਕੇਸ਼ਨ ਟਰੇਨਰਾਂ ਵਿਚ ਬਦਲਣ ਦਾ ਫ਼ੈਸਲਾ ਵਾਪਸ ਲੈਣ ਸਬੰਧੀ ਮੰਗਾਂ ਨੂੰ ਲੈ ਕੇ 14 ਅਗਸਤ ਤੋਂ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਸੁਖਜੀਤ ਸਿੰਘ ਰਾਮਾਨੰਦੀ, ਬੌਬੀ ਸਿੰਘ ਹੀਰੋ ਕਲਾਂ, ਗੁਰਕਰਮ ਸਿੰਘ ਹੀਰੋ ਕਲਾਂ, ਸ਼ਿੰਦਰਪਾਲ ਕੌਰ ਧਲੇਵਾਂ, ਦੀਪਕ ਗੋਇਲ ਆਦਿ ਹਾਜ਼ਰ ਸਨ |