ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਅੱਜ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ (ਏਮਜ਼) 'ਚ 'ਈ-ਵਾਹਨ' ਤੇ ਰੁੱਖ ਲਗਾਓ ਮੁਹਿੰਮ ਦਾ ਉਦਘਾਟਨ ਕੀਤਾ ਗਿਆ | ਉਹ ਏਮਜ਼ ਬਠਿੰਡਾ ਦੀ ਗਵਰਨਿੰਗ ਬਾਡੀ ਦੇ ਮੈਂਬਰ ਹੋਣ ਵਜੋਂ ਗਰਵਨਿੰਗ ਬਾਡੀ ਦੀ ਚੌਥੀ ਮੀਟਿੰਗ 'ਚ ਹਿੱਸਾ ਲੈਣ ਪੁੱਜੇ ਹੋਏ ਸਨ | ਇਸ ਮੌਕੇ ਉਨ੍ਹਾਂ ਦੇ ਨਾਲ ਏਮਜ਼ ਦੇ ਪ੍ਰਧਾਨ ਪ੍ਰੋ. ਅਨਿਲ ਕੁਮਾਰ, ਕਾਰਜਕਾਰੀ ਨਿਰਦੇਸ਼ਕ ਪ੍ਰੋ. ਮੀਨੂੰ ਸਿੰਘ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਕਰਨਲ ਰਾਜੀਵ ਸੇਨ ਰਾਏ ਤੇ ਬੀ.ਜੇ. ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਅਹਿਮਦਾਬਾਦ ਦੇ ਮੈਡੀਸਨ ਵਿਭਾਗ ਦੇ ਮੁੱਖੀ ਪ੍ਰੋ. ਕਮਲੇਸ਼ ਉਪਾਧਿਆਏ ਮੌਜੂਦ ਸਨ | ਏਮਜ਼ ਪ੍ਰਬੰਧਕਾਂ ਨੇ ਦੱਸਿਆ ਕਿ 'ਈ-ਵਾਹਨ' ਦੀ ਵਰਤੋਂ ਵੱਖ-ਵੱਖ ਸੰਸਥਾਗਤ ਉਦੇਸ਼ਾਂ ਲਈ ਕੀਤੀ ਜਾਵੇਗੀ, ਜਿਸ 'ਚ ਮੁੱਖ ਤੌਰ 'ਤੇ ਮਰੀਜ਼ਾਂ ਦੀ ਸੇਵਾ ਕਰਨਾ ਹੈ |
ਉਪਰੰਤ ਅਨੁਰਾਗ ਠਾਕੁਰ ਨੇ ਏਮਜ਼ ਦਾ ਦੌਰਾ ਕਰਦਿਆਂ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨਾਲ ਗੱਲਬਾਤ ਕੀਤੀ ਤੇ ਆਈ.ਪੀ.ਡੀ. 'ਚ ਠਹਿਰੇ ਮਰੀਜ਼ਾਂ ਦੇ ਵਾਰਸਾਂ ਨੂੰ ਭਰੋਸੇ ਦਿੰਦੇ ਹੋਏ ਕਿਹਾ ਕਿ ਛੇਤੀ ਕੇਂਦਰ ਸਰਕਾਰ ਵਲੋਂ ਇੱਥੇ 300 ਬੈੱਡਾਂ ਦਾ ਰਹਿਣ ਬਸੇਰਾ ਬਣਾਇਆ ਜਾ ਰਿਹਾ, ਜਿਸ ਬਾਅਦ ਉਨ੍ਹਾਂ ਨੂੰ ਏਮਜ਼ 'ਚ ਠਹਿਰਣ ਦੀ ਕੋਈ ਦਿੱਕਤ ਨਹੀਂ ਹੋਵੇਗੀ |
ਮਰੀਜ਼ਾਂ ਦੇ ਵਾਰਸਾਂ ਵਲੋਂ ਉਕਤ ਫਾਰਮੇਸ਼ੀ 'ਤੇ ਕੁਝ ਦਵਾਈਆਂ ਨਾ ਮਿਲਣ 'ਤੇ ਬਾਹਰੋਂ ਦਵਾਈਆਂ ਖ਼ਰੀਦਣ ਦੀ ਗੱਲ ਧਿਆਨ 'ਚ ਲਿਆਉਣ 'ਤੇ ਠਾਕੁਰ ਨੇ ਕਿਹਾ ਕਿ ਉਹ ਇਹ ਮਸਲਾ ਕੇਂਦਰੀ ਸਿਹਤ ਮੰਤਰਾਲੇ ਕੋਲ ਉਠਾਉਣਗੇ | ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਠਿੰਡਾ 'ਚ ਏਮਜ਼ ਸਥਾਪਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਖ਼ਿੱਤੇ 'ਚ ਬਹੁਗਿਣਤੀ ਲੋਕਾਂ ਨੂੰ ਕੈਂਸਰ ਦੀ ਮਾਰ ਹੋਣ ਕਾਰਨ ਇੱਥੇ ਏਮਜ਼ ਵਰਗੀ ਵੱਡੀ ਸਿਹਤ ਸੰਸਥਾ ਸਥਾਪਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਮੋਦੀ ਸਰਕਾਰ ਦੇਸ਼ 'ਚ 16 ਏਮਜ਼ ਸਥਾਪਤ ਕਰ ਚੁੱਕੀ ਹੈ ਤੇ ਦੇਸ਼ ਦੇ ਕੱੁਲ 23 ਏਮਜ਼ 'ਚੋਂ 21 ਭਾਜਪਾ ਸਰਕਾਰ ਦੀ ਦੇਣ ਹਨ |
ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਏਮਜ਼ ਬਠਿੰਡਾ 'ਚ 'ਈ-ਵਾਹਨ' ਦਾ ਉਦਘਾਟਨ <br/>
ਏਮਜ਼ ਬਠਿੰਡਾ 'ਚ 'ਈ-ਵਾਹਨ' ਦਾ ਉਦਘਾਟਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ | ਅਜੀਤ ਤਸਵੀਰ <br/>
21-07-2025