ਚੰਡੀਗੜ੍ਹ, 9 ਦਸੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ 'ਚ ਸੀ. ਐਮ. ਸੀ. ਬਾਗ਼ਬਾਨੀ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਸੈਕਟਰ 17 'ਚ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ | ਬਾਗ਼ਬਾਨੀ ਵਿਭਾਗ ਦੇ ਵੱਖ-ਵੱਖ ਬੂਥਾਂ ਤੋਂ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ | ਫੈਡਰੇਸ਼ਨ ਆਫ ਯੂ. ਟੀ. ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਦੇ ਅਹੁਦੇਦਾਰਾਂ ਤੋਂ ਇਲਾਵਾ, ਸਬੰਧਤ ਯੂਨੀਅਨਾਂ ਦੇ ਅਹੁਦੇਦਾਰਾਂ ਤੇ ਯੂਨਾਈਟਿਡ ਇੰਪਲਾਈਜ਼ ਫਰੰਟ ਦੇ ਆਗੂਆਂ ਨੇ ਵੀ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ ਅਤੇ ਬਾਗ਼ਬਾਨੀ ਕਾਮਿਆਂ ਦੇ ਸੰਘਰਸ਼ ਲਈ ਆਪਣਾ ਸਮਰਥਨ ਪ੍ਰਗਟ ਕੀਤਾ | ਪ੍ਰਦਰਸ਼ਨ ਦੀ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਹਰਕੇਸ਼ ਚੰਦ ਨੇ ਕੀਤੀ | ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਐਮ. ਐਮ. ਸੁਬਰਾਮਨੀਅਮ, ਉਪ ਪ੍ਰਧਾਨ ਬੁੱਧਰਾਮ, ਸੰਯੁਕਤ ਸਕੱਤਰ ਅਜਾਇਬ ਸਿੰਘ, ਕੈਸ਼ੀਅਰ ਹਰਦੀਪ ਸਿੰਘ, ਪ੍ਰਧਾਨ ਨਿਹਾਲ ਸਿੰਘ, ਭਾਗ ਸਿੰਘ ਗੁਰਪ੍ਰੀਤ ਸਿੰਘ, ਪੇਰੂਮਲ, ਮਾਤਾ ਸ਼ਰਨ ਤੋਂ ਇਲਾਵਾ ਸਤਪਾਲ, ਰਾਜੇਂਦਰ ਕੁਮਾਰ, ਦੇਵੀ ਚੰਦ, ਸੋਹਨਲਾਲ, ਅਯੱਪਨ, ਸੰਦੀਪ, ਨਰੇਸ਼ ਕੁਮਾਰ, ਪਰਮ ਸ਼ਿਵਮ ਆਦਿ ਨੇ ਨਿਗਮ ਅਧਿਕਾਰੀਆਂ ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੇ ਨਕਾਰਾਤਮਕ ਰਵੱਈਏ ਕਾਰਨ ਕਰਮਚਾਰੀਆਂ ਦੀਆਂ ਛੋਟੀਆਂ ਅਤੇ ਬਹੁਤ ਮਹੱਤਵਪੂਰਨ ਅਤੇ ਜਾਇਜ਼ ਮੰਗਾਂ ਵੀ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ, ਜਿਸ ਕਾਰਨ ਕਰਮਚਾਰੀਆਂ ਨੂੰ ਵਾਰ-ਵਾਰ ਹੜਤਾਲਾਂ ਅਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਅਧਿਕਾਰੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਬਾਗ਼ਬਾਨੀ ਵਿਭਾਗ ਦੇ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ ਅਤੇ ਜਾਣਬੁੱਝ ਕੇ ਉਨ੍ਹਾਂ ਨੂੰ ਅਣਗੌਲਿਆ ਕਰ ਰਹੇ ਹਨ | ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਫੈਡਰੇਸ਼ਨ ਆਫ ਯੂ. ਟੀ. ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਪ੍ਰਧਾਨ ਗੋਪਾਲ ਦੱਤ ਜੋਸ਼ੀ, ਪ੍ਰਧਾਨ ਰਾਜੇਂਦਰ ਕਟੋਚ, ਯੂ. ਟੀ. ਪਾਵਰਮੈਨ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਐਮ. ਸੀ. ਇਲੈਕਟ੍ਰੀਕਲ ਦੇ ਪ੍ਰਧਾਨ ਤਰੁਣ ਜੈਸਵਾਲ, ਜਲ ਸਪਲਾਈ ਦੇ ਪ੍ਰਧਾਨ ਹਰਪਾਲ ਸਿੰਘ, ਸੈਕਟਰ 16 ਹਸਪਤਾਲ ਦੇ ਪ੍ਰਧਾਨ ਰਣਜੀਤ ਸਿੰਘ, ਐਮ. ਸੀ. ਮਨੀਮਾਜਰਾ ਦੇ ਪ੍ਰਧਾਨ ਨਸੀਬ ਸਿੰਘ, ਬਾਗ਼ਬਾਨੀ ਵਿਭਾਗ ਦੇ ਸਾਬਕਾ ਪ੍ਰਧਾਨ ਭੀਮਸੇਨ, ਸਾਲਿਡ ਵੇਸਟ ਦੇ ਪ੍ਰਧਾਨ ਤੇਜਮਨੀ, ਸੰਯੁਕਤ ਕਰਮਚਾਰੀ ਮੋਰਚਾ ਦੇ ਕਨਵੀਨਰ ਵਿਪਿਨ ਸ਼ੇਰ ਸਿੰਘ, ਸੁਖਬੀਰ ਸਿੰਘ ਤੇ ਹੋਰ ਭਰਾਤਰੀ ਸੰਗਠਨ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ | ਸਾਬਕਾ ਕੌਂਸਲਰ ਦਵਿੰਦਰ ਸਿੰਘ ਬਬਲਾ ਤੇ ਦਿਲੀਪ ਸ਼ਰਮਾ ਨੇ ਵੀ ਵਿਰੋਧ ਪ੍ਰਦਰਸ਼ਨ 'ਚ ਸ਼ਿਰਕਤ ਕੀਤੀ | ਇਸੇ ਦੌਰਾਨ ਯੂਨੀਅਨ ਦੇ ਇਕ ਵਫ਼ਦ ਨੇ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ, ਕਿ੍ਸ਼ਨਪਾਲ ਸਿੰਘ ਨਾਲ ਮੁਲਾਕਾਤ ਕਰਕੇ ਲੰਬਿਤ ਮੰਗਾਂ 'ਤੇ ਚਰਚਾ ਕੀਤੀ |