15 ਸਾਲਾਂ ਦੀ ਸੇਵਾ ਦਾ ਸਿਲਾ- ਸੀ. ਟੀ. ਯੂ. ਦੇ 120 ਡਰਾਈਵਰਾਂ ਦੀ ਨੌਕਰੀ ਖ਼ਤਮ <br/>
ਅਜੀਤ ਡੈਸਕ
09-12-2025
ਮਿਆਦ ਪੂਰੀ ਕਰ ਚੁੱਕੀਆਂ 85 ਬੱਸਾਂ ਬੰਦ ਕੀਤੇ ਜਾਣ ਕਾਰਨ ਡਰਾਈਵਰ ਹੋਏ ਬੇਰੁਜ਼ਗਾਰ
ਯੂ. ਟੀ. ਪ੍ਰਸ਼ਾਸਨ ਨੇ 15 ਸਾਲ ਦੀ ਮਿਆਦ ਪੂਰੀ ਕਰ ਚੁੱਕੀਆਂ ਸੀ. ਟੀ. ਯੂ. ਦੀਆਂ 85 ਡੀਜ਼ਲ ਬੱਸਾਂ ਨੂੰ ਬੰਦ ਕਰਕੇ ਉਨ੍ਹਾਂ ਦੀ ਥਾਂ ਨਵੀਆਂ ਇਲੈਕਟਿ੍ਕ ਬੱਸਾਂ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ | ਪੁਰਾਣੀਆਂ ਬੱਸਾਂ 'ਤੇ ਕੰਮ ਕਰ ਰਹੇ ਡਰਾਈਵਰਾਂ ਦਾ ਕਹਿਣਾ ਹੈ ਕਿ ਤਬਦੀਲੀ ਦੌਰਾਨ ਉਨ੍ਹਾਂ ਨੂੰ ਲਗਾਤਾਰ 'ਇਕ ਮਹੀਨੇ ਬਾਅਦ ਤਾਇਨਾਤੀ' ਦਾ ਭਰੋਸਾ ਦਿੱਤਾ ਗਿਆ ਸੀ, ਪਰ ਆਖ਼ਰ 'ਚ ਡਰਾਈਵਰਾਂ ਨੂੰ ਬਿਨਾਂ ਕਿਸੇ ਚਿਤਾਵਨੀ ਦੇ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ |
ਨੌਕਰੀਆਂ ਬਹਾਲ ਨਾ ਕੀਤੀਆਂ ਤਾਂ ਹੋਰ ਤਿੱਖਾ ਹੋਵੇਗਾ ਸੰਘਰਸ਼-ਡਰਾਈਵਰ
ਮੁਜ਼ਾਹਰਾ ਕਰ ਰਹੇ ਡਰਾਈਵਰਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਬਰਖ਼ਾਸਤੀ ਦੇ ਹੁਕਮ ਵਾਪਸ ਨਾ ਲਏ ਤਾਂ ਸੰਘਰਸ਼ ਨੂੰ ਹੋਰ ਵਧਾਇਆ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਸਾਰੇ ਡਰਾਈਵਰਾਂ ਨੂੰ ਤੁਰੰਤ ਮੁੜ ਸੇਵਾ ਵਿਚ ਰੱਖਿਆ ਜਾਵੇ ਅਤੇ ਨਵੀਆਂ ਬੱਸਾਂ 'ਚ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ |
ਉਮਰ ਦੇ ਇਸ ਪੜਾਅ 'ਤੇ ਹੋਰ ਨੌਕਰੀ ਲੱਭਣਾ ਮੁਸ਼ਕਿਲ-ਪ੍ਰਧਾਨ ਬਲਰਾਜ ਦਈਆ
ਯੂਨੀਅਨ ਪ੍ਰਧਾਨ ਬਲਰਾਜ ਕੁਮਾਰ ਦਈਆ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਪਹਿਲਾਂ ਡਰਾਈਵਰਾਂ ਨੂੰ ਨਵੀਆਂ ਬੱਸਾਂ 'ਚ 15 ਦਿਨਾਂ ਦੀ ਸ਼ਿਫ਼ਟ 'ਤੇ ਤਾਇਨਾਤ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਅਧਿਕਾਰੀ ਇਸ ਤੋਂ ਮੁਕਰ ਗਏ ਹਨ | ਯੂਨੀਅਨ ਪ੍ਰਧਾਨ ਦਾ ਕਹਿਣਾ ਸੀ ਕਿ ਬਹੁਤ ਸਾਰੇ ਡਰਾਈਵਰ 10 ਤੋਂ 15 ਸਾਲਾਂ ਤੋਂ ਸੇਵਾ 'ਚ ਹਨ ਤੇ ਹੁਣ ਉਮਰ ਦੇ ਇਸ ਪੜਾਅ 'ਤੇ ਹੋਰ ਨੌਕਰੀ ਲੱਭਣਾ ਮੁਸ਼ਕਿਲ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੇ ਕੰਡਕਟਰਾਂ ਨੂੰ ਤਾਂ ਲੰਬੇ ਰੂਟ ਦੀਆਂ ਬੱਸਾਂ 'ਚ ਰੱਖ ਲਿਆ, ਪਰ ਡਰਾਈਵਰਾਂ ਨੂੰ ਬਿਨਾਂ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ | ਇਹ ਡਰਾਈਵਰ
ਆਪਣੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਹਨ |
ਬੱਸ ਸੇਵਾ ਪ੍ਰਭਾਵਿਤ ਹੋਣ ਕਾਰਨ ਮੁਸਾਫ਼ਰ ਹੁੰਦੇ ਰਹੇ ਪ੍ਰੇਸ਼ਾਨ
ਸੀ. ਟੀ. ਯੂ. ਦੇ ਡਿਪੂ ਨੰਬਰ 2 ਵਿਚ ਡਰਾਈਵਰਾਂ ਦੇ ਵਿਰੋਧ ਕਾਰਨ ਸਥਾਨਕ ਰੂਟਾਂ ਦੀਆਂ ਕਈ ਬੱਸਾਂ ਸਵੇਰੇ ਸਮੇਂ 'ਤੇ ਨਹੀਂ ਨਿਕਲ ਸਕੀਆਂ | ਇਸ ਨਾਲ ਦਫ਼ਤਰ ਜਾਣ ਵਾਲੇ ਕਰਮਚਾਰੀਆਂ ਤੇ ਸਕੂਲੀ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨੇ ਇਸ ਮਾਮਲੇ 'ਤੇ ਅੰਦਰੂਨੀ ਮੀਟਿੰਗ ਬੁਲਾ ਕੇ ਹਾਲਾਤ ਸਾਧਾਰਨ ਕਰਨ ਦੀ ਕੋਸ਼ਿਸ਼ ਸ਼ੁਰੂ ਕਰਦਿਆਂ ਸੀ. ਟੀ. ਯੂ. ਦੇ ਨਿਰਦੇਸ਼ਕ ਪ੍ਰਦੂਮਣ ਸਿੰਘ ਨੇ ਪ੍ਰਦਰਸ਼ਨ ਕਰ ਰਹੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਖਤਮ ਕਰਨ ਦੀ ਚਿਤਾਵਨੀ ਦਿੱਤੀ | ਇਸ ਤੇ ਬਾਵਜੂਦ ਯੂਨੀਅਨ ਆਗੂ ਪ੍ਰਦਰਸ਼ਨ ਕਰਨ 'ਤੇ ਬਜ਼ਿੱਦ ਰਹੇ |
ਡਰਾਈਵਰਾਂ ਦੇ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨ ਦੀ ਕਾਰਵਾਈ
ਯੂ. ਟੀ. ਪ੍ਰਸ਼ਾਸਨ ਨੇ ਇੰਡਸਟ੍ਰੀਅਲ ਏਰੀਆ ਸਥਿਤ ਡਿਪੂ ਨੰਬਰ 2 ਦੇ ਬਾਹਰ ਸੀ. ਟੀ. ਯੂ. ਯੂਨੀਅਨ ਵਲੋਂ ਕੀਤੇ ਪ੍ਰਦਰਸ਼ਨ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਦਰਸ਼ਨ 'ਚ ਸ਼ਾਮਿਲ ਕਰਮਚਾਰੀਆਂ ਵਿਰੁੱਧ ਤੁਰੰਤ ਕਾਰਵਾਈ ਕਰਦਿਆਂ 11 ਡਰਾਈਵਰਾਂ ਤੇ 14 ਕੰਡਕਟਰਾਂ ਦੀ ਸੇਵਾ ਸਮਾਪਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ | ਯੂਨੀਅਨ ਨੇ ਇਸ ਫ਼ੈਸਲੇ ਨੂੰ ਨਾਇਨਸਾਫ਼ੀ ਦੱਸਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਵਲੋਂ ਕੀਤੀ ਗਈ ਇਹ ਕਾਰਵਾਈ ਨਾ ਕੇਵਲ ਹੋਰਨਾਂ ਮੁਲਾਜ਼ਮਾਂ ਨੂੰ ਪ੍ਰਭਾਵਿਤ ਕਰੇਗੀ, ਸਗੋਂ ਲੋਕਲ ਬੱਸ ਸੇਵਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ |