ਖਰੜ, 3 ਦਸੰਬਰ (ਗੁਰਮੁੱਖ ਸਿੰਘ ਮਾਨ)-ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਫ਼ਰਦ ਕੇਂਦਰਾਂ ਦੇ ਕੰਪਿਊਟਰ ਆਪ੍ਰੇਟਰਾਂ ਦੀਆਂ ਮੰਗਾਂ ਬਾਰੇ ਵਿਭਾਗ ਦੁਆਰਾ ਕੋਈ ਪਾਲਿਸੀ ਨਾ ਬਣਾਏ ਜਾਣ ਦੇ ਰੋਸ ਵਜੋਂ ਖਰੜ ਦੇ ਫ਼ਰਦ ਕੇਂਦਰ ਦੇ ਕਰਮਚਾਰੀਆਂ ਵਲੋਂ ਠੇਕਾ ਸੰਘਰਸ਼ ਮੋਰਚੇ ਦੀ ਅਗਵਾਈ ਹੇਠ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕੰਪਿਊਟਰ ਆਪ੍ਰੇਟਰਾਂ ਵਲੋਂ ਤਹਿਸੀਲਦਾਰ ਖਰੜ ਗੁਰਿੰਦਰ ਕੌਰ ਨੂੰ ਇਕ ਮੰਗ-ਪੱਤਰ ਵੀ ਸੌਂਪਿਆ ਗਿਆ, ਜਿਸ 'ਚ ਉਨ੍ਹਾਂ ਦੱਸਿਆ ਕਿ ਉਹ ਫ਼ਰਦ ਕੇਂਦਰ 'ਚ ਡਾਟਾ ਐਂਟਰੀ ਆਪ੍ਰੇਟਰਾਂ ਦੇ ਤੌਰ 'ਤੇ ਸੇਵਾਵਾਂ ਨਿਭਾਉਂਦੇ ਆ ਰਹੇ ਹਨ | ਉਨ੍ਹਾਂ ਨੂੰ ਜਮ੍ਹਾਂਬੰਦੀਆਂ, ਖਸਰਾ ਗਿਰਦਾਵਰੀ, ਇੰਤਕਾਲਾ ਦਰਜ ਕਰਨ ਲਈ ਪੰਜਾਬ ਦੇ ਮਾਲ ਰਿਕਾਰਡ ਨੂੰ ਕੰਪਿਊਟਰਾਈਜ਼ ਕਰਕੇ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਪ੍ਰਾਈਵੇਟ ਕੰਪਨੀ ਸੀ. ਐਮ. ਐਸ. ਕੰਪਿਊਟਰਜ਼ ਲਿਮ. ਦੁਆਰਾ ਭਰਤੀ ਕੀਤਾ ਗਿਆ ਸੀ | ਉਹ ਪਿਛਲੇ 18 ਸਾਲਾਂ ਤੋਂ ਨਿਰੰਤਰ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਦਾ ਮੈਨੂਅਲ ਜਮ੍ਹਾਂਬੰਦੀ ਤੋਂ ਡਿਜ਼ੀਟਲ ਜਮ੍ਹਾਂਬੰਦੀ ਦੇ ਤੌਰ 'ਤੇ ਰਿਕਾਰਡ ਆਨਲਾਈਨ ਕਰਦੇ ਆ ਰਹੇ ਹਨ | ਇਸ ਤੋਂ ਇਲਾਵਾ ਉਹ ਚੋਣ ਡਿਊਟੀ ਦੇ ਨਾਲ-ਨਾਲ ਕੋਵਿਡ-19 ਦੌਰਾਨ ਆਪਣੀ ਜਾਨ ਖ਼ਤਰੇ 'ਚ ਪਾ ਕੇ ਵਰਕ ਸਟੇਸ਼ਨਾਂ ਤੇ ਫ਼ੀਲਡ 'ਚ ਕੰਮ ਕਰ ਚੁੱਕੇ ਹਨ ਤਾਂਕਿ ਆਮ ਜਨਤਾ ਅਤੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਆਪਣੀਆਂ ਜ਼ਮੀਨਾਂ ਦੇ ਰਿਕਾਰਡ ਦੀ ਨਕਲ ਅਸਾਨੀ ਨਾਲ ਮਿਲ ਸਕੇ | ਉਨ੍ਹਾਂ ਕਿਹਾ ਕਿ ਭਰਤੀ ਮੌਕੇ ਕੰਪਨੀ ਵਲੋਂ ਹਰ ਸਾਲ ਉਨ੍ਹਾਂ ਦੀ ਤਨਖ਼ਾਹ 'ਚ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਕੰਪਨੀ ਪਿਛਲੇ ਲੰਮੇ ਸਮੇਂ ਤੋਂ ਵਿੱਤੀ ਲਾਭ ਕਮਾਉਂਦੀ ਆ ਰਹੀ ਹੈ ਤੇ ਜਦੋਂ ਵੀ ਫ਼ਰਦ ਕੇਂਦਰ ਦੇ ਕਰਮਚਾਰੀ ਆਪਣੀ ਤਨਖ਼ਾਹ 'ਚ ਵਾਧੇ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਅਤੇ ਨਾਲ ਹੀ ਕਰਮਚਾਰੀਆਂ ਨੂੰ ਕਿਸੇ ਵੀ ਰਾਜਸੀ ਸੰਗਠਨ ਜਾਂ ਯੂਨੀਅਨ ਨਾਲ ਨਾ ਜੁੜਨ ਅਤੇ ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਫ਼ਰਦ ਕੇਂਦਰ ਦੇ ਕਰਮਚਾਰੀਆਂ ਦਾ ਵਿੱਤੀ ਤੇ ਸਮਾਜਿਕ ਸੋਸ਼ਣ ਕਰਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁਲਾਜ਼ਮ ਲੰਬੇ ਸਮੇਂ ਤੋਂ ਫ਼ਰਦ ਕੇਂਦਰ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਉਮਰ ਜ਼ਿਆਦਾ ਹੋਣ ਕਾਰਨ ਉਹ ਕਿਧਰੇ ਹੋਰ ਵੀ ਨੌਕਰੀ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ 'ਚ ਫ਼ਰਦ ਕੇਂਦਰ ਦੇ ਕਰਮਚਾਰੀਆਂ ਦੇ ਪਰਿਵਾਰਾਂ ਦਾ ਭਵਿੱਖ ਖ਼ਤਰੇ 'ਚ ਪੈ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਦੇ ਤਹਿਤ ਬਣਦੀ ਤਨਖ਼ਾਹ ਦਿੱਤੀ ਜਾਵੇ, ਆਪ੍ਰੇਟਰ ਨਾਲ ਕਿਸੇ ਕਿਸਮ ਦੀ ਕੋਈ ਦੁਰਘਟਨਾ ਹੋਣ 'ਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਆਰਥਿਕ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਆਉਣ ਵਾਲੇ ਸਮੇਂ 'ਚ ਆਪ੍ਰੇਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੀਮਾ ਪਾਲਿਸੀ ਦੇ ਅਧੀਨ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਕੰਪਿਊਟਰ ਆਪ੍ਰੇਟਰਾਂ ਦੀਆਂ ਸੇਵਾਵਾਂ ਨੂੰ ਵਿਭਾਗ ਅਧੀਨ ਲਿਆ ਜਾਵੇ ਤੇ ਜਲ ਸਪਲਾਈ ਦੇ ਨੋਡਲ ਅਫ਼ਸਰ ਨੂੰ ਪਾਲਿਸੀ ਬਣਾ ਕੇ ਭੇਜਣ ਲਈ ਆਖਿਆ ਜਾਵੇ |