ਨਿਗਮ ਕਮਿਸ਼ਨਰ ਅਮਿਤ ਕੁਮਾਰ ਵਲੋਂ ਨਾਈਟ ਸ਼ੈਲਟਰਾਂ ਦੇ ਪ੍ਰਬੰਧਾਂ ਦਾ ਨਿਰੀਖਣ <br/>
ਅਜੀਤ ਡੈਸਕ
04-12-2025
ਨਿਗਮ ਅਨੁਸਾਰ ਸ਼ਹਿਰ ਵਿਚ ਇਸ ਵੇਲੇ ਕੁੱਲ 8 ਨਾਈਟ ਸ਼ੈਲਟਰ ਪੂਰੀ ਤਰ੍ਹਾਂ ਚਾਲੂ ਹਨ, ਜਿੱਥੇ 450 ਲੋਕਾਂ ਲਈ ਬੈਠਕ ਦੀ ਵਿਵਸਥਾ ਹੈ ਜਿਨ੍ਹਾਂ ਵਿਚ 325 ਮਰਦਾਂ ਅਤੇ 125 ਮਹਿਲਾਵਾਂ ਲਈ ਵੱਖ ਵਰਗ ਸਹੂਲਤਾਂ ਰੱਖੀਆਂ ਗਈਆਂ ਹਨ | ਇਹ ਸ਼ੈਲਟਰ ਸੈਕਟਰ 29, 20, 19, 16, 32, 34, ਆਈ.ਐੱਸ.ਬੀ.ਟੀ 43 ਅਤੇ ਪੀ.ਜੀ.ਆਈ. ਦੇ ਸਾਹਮਣੇ ਸਥਿਤ ਹਨ ਤਾਂ ਕਿ ਸ਼ਹਿਰ ਦੇ ਕਿਸੇ ਵੀ ਹਿੱਸੇ ਤੋਂ ਲੋੜਵੰਦ ਵਿਅਕਤੀ ਨੂੰ ਠੰਢ ਤੋਂ ਤੁਰੰਤ ਰਾਹਤ ਮਿਲ ਸਕੇ | ਨਿਰੀਖਣ ਦੌਰਾਨ ਕਮਿਸ਼ਨਰ ਨੇ ਬਿਸਤਰੇ, ਕੰਬਲ, ਰੂਮ ਹੀਟਰ, ਗੱਦਿਆਂ, ਸਫ਼ਾਈ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਬਸੇਰਿਆਂ ਦੀ ਸਮੁੱਚੀ ਹਾਲਤ ਦਾ ਬਾਰੀਕੀ ਨਾਲ ਨਿਰੀਖਣ ਕੀਤਾ | ਉਨਾਂ ਨੇ ਰੈਣ ਬਸੇਰਾ 'ਤੇ ਡਿਊਟੀ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਮੌਕੇ ਦੇ ਹਾਲਾਤ ਸਮਝੇ ਅਤੇ ਹਰ ਸਮੇਂ ਸਾਫ਼-ਸੁਥਰੇ, ਗਰਮ ਅਤੇ ਸੁਰੱਖਿਅਤ ਮਾਹੌਲ ਦੀ ਬਣਾਏ ਰੱਖਣ ਦੀ ਲੋੜ ਉਤੇ ਖਾਸ ਜ਼ੋਰ ਦਿੱਤਾ | ਸਾਰੇ ਨਾਈਟ ਸ਼ੈਲਟਰਾਂ ਵਿਚ ਗੱਦਿਆਂ, ਚਾਦਰਾਂ, ਕੰਬਲ, ਹੀਟਰ, ਗਰਮ-ਠੰਢਾ ਪਾਣੀ, ਨਾਲ ਹੀ ਸੀ.ਸੀ.ਟੀਵੀ ਕੈਮਰੇ, ਫਾਇਰ ਸੇਫ਼ਟੀ ਉਪਕਰਨ, ਟਾਇਲਟ ਵੈਨ, ਫਸਟਏਡ ਕਿੱਟ ਅਤੇ ਹਰ ਸਾਈਟ 'ਤੇ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਤ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ | ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਨਿਗਮ ਦੀ ਪ੍ਰਾਥਮਿਕਤਾ ਹੈ ਕਿ ਸਰਦੀਆਂ ਦੌਰਾਨ ਕੋਈ ਵੀ ਨਾਗਰਿਕ ਖੁੱਲੇ ਵਿਚ ਨਾ ਸੌਏ | ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਾਸ ਕਰਕੇ ਰਾਤ ਦੇ ਸਭ ਤੋਂ ਠੰਢੇ ਪਲਾਂ ਵਿਚ ਨਿਰੰਤਰ ਨਿਗਰਾਨੀ ਰੱਖੀ ਜਾਵੇ ਅਤੇ ਲੋੜੀਂਦੇ ਪ੍ਰਬੰਧ ਤੁਰੰਤ ਕੀਤੇ ਜਾਣ | ਨਾਈਟ ਸ਼ੈਲਟਰ 1 ਦਸੰਬਰ 2025 ਤੋਂ 28 ਫ਼ਰਵਰੀ 2026 ਤੱਕ ਪੂਰੀ ਤਰਾਂ ਚਾਲੂ ਰਹਿਣਗੇ | ਨਿਗਮ ਦਾ ਦਾਅਵਾ ਹੈ ਕਿ ਇਹ ਪ੍ਰਬੰਧ ਸ਼ਹਿਰ ਵਿਚ ਮਨੁੱਖਤਾ-ਕੇਂਦਿ੍ਤ ਸੁਰੱਖਿਆ ਅਤੇ ਭਲਾਈ ਲਈ ਉਨਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ |