ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ 'ਚ ਮੁਲਾਜ਼ਮ ਮੰਗਾਂ ਨੂੰ ਲੈ ਕੇ ਪੁੱਡਾ ਦਫ਼ਤਰ ਅੱਗੇ ਜਾਰੀ ਲੜੀਵਾਰ ਭੁੱਖ ਹੜਤਾਲ ਦੇ 44ਵੇਂ ਦਿਨ ਪਰਮਜੀਤ ਸਿੰਘ, ਜੀ. ਈ. ਨਰਾਤਾ ਰਾਮ, ਸੁਰੇਸ਼ ਸ਼ਰਮਾ, ਸੁਪਰਵਾਈਜ਼ਰ ਚਰਨ ਸਿੰਘ ਤੇ ਰਣਜੀਤ ਸਿੰਘ ਭੁੱਖ ਹੜਤਾਲ 'ਤੇ ਬੈਠੇ | ਉਪਰੰਤ ਪੁੱਡਾ ਮੁਲਾਜ਼ਮਾਂ ਦੀ ਵਿਸ਼ਾਲ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਸੈਣੀ, ਜਨਰਲ ਸਕੱਤਰ ਸ਼ੀਸ਼ਨ ਕੁਮਾਰ, ਮੀਤ ਪ੍ਰਧਾਨ ਜਰਨੈਲ ਸਿੰਘ ਅਤੇ ਵਿੱਤ ਸਕੱਤਰ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਪੁੱਡਾ ਵਿਭਾਗ 'ਚ 1 ਅਪ੍ਰੈਲ 2004 ਤੋਂ ਪਹਿਲਾਂ ਭਰਤੀ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੁੱਡਾ ਵਿਭਾਗ 'ਚ ਬੋਨਸ/ਐਕਸਗ੍ਰੇਸ਼ੀਆ 'ਚੋਂ ਨਾਜਾਇਜ਼ ਕੱਟਿਆ ਗਿਆ 2 ਸਾਲਾਂ ਦਾ ਬਕਾਇਆ ਤੁਰੰਤ ਦੇਣ, ਪੁੱਡਾ ਵਿਭਾਗ ਤੇ ਸਾਰੀਆਂ ਅਥਾਰਟੀਆਂ 'ਚ ਲਗਾਤਾਰ 5, 10 ਤੇ 15 ਸਾਲਾਂ ਤੋਂ ਕੰਮ ਕਰਦੇ ਡੇਲੀਵੇਜ਼, ਆਊਟਸੋਰਸ ਤੇ ਕੰਟਰੈਕਟ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ, ਸੇਵਾ-ਮੁਕਤ ਕਰਮਚਾਰੀਆਂ ਦੇ ਮੈਡੀਕਲ ਰਿਵਰਸਮੈਂਟ ਦੇਣ, ਪੁੱਡਾ ਕਰਮਚਾਰੀਆਂ ਨੂੰ ਮਿਲਦਾ 25 ਫ਼ੀਸਦੀ ਹਾਊਸ ਰੈਂਟ ਬਹਾਲ ਕਰਨ, ਵਿਭਾਗ ਦੇ ਖਾਲੀ ਫਲੈਟ ਮੁਲਾਜ਼ਮਾਂ ਨੂੰ ਦੇਣ ਅਤੇ ਸੇਵਾ-ਮੁਕਤ ਕਰਮਚਾਰੀਆਂ ਦੇ ਡਿਊ ਸਮੇਂ ਸਿਰ ਦੇਣ ਆਦਿ ਮੰਗਾਂ ਨੂੰ ਲੈ ਕੇ ਹੀ ਉਨ੍ਹਾਂ ਵਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਪਰ ਹੁਣ ਤੱਕ ਸਰਕਾਰ ਤੇ ਸੰਬੰਧਤ ਵਿਭਾਗ ਵਲੋਂ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸੇ ਦੌਰਾਨ ਤਰਲੋਚਨ ਸਿੰਘ, ਦਵਾਰਕਾ ਪ੍ਰਸ਼ਾਦ, ਪ੍ਰਵੀਨ ਕੁਮਾਰ, ਮੰਗਤ ਰਾਮ, ਮਨਦੀਪ ਸਿੰਘ, ਹਰਜੀਤ ਸਿੰਘ, ਬੌਬੀ ਕੁਮਾਰ, ਰਵਦੀਪ ਸਿੰਘ, ਅਮਰਜੀਤ ਵਿੱਕੀ, ਰਾਜੂ ਕੁਮਾਰ, ਰਬਵੀਰ ਸਿੰਘ, ਪਾਲ ਸਿੰਘ, ਮੋਹਨ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਤੇ ਸਵਰਨ ਸਿੰਘ ਆਦਿ ਨੇ ਵੀ ਰੋਸ ਰੈਲੀ ਨੂੰ ਸੰਬੋਧਨ ਕੀਤਾ, ਉਪਰੰਤ ਸਮੁੱਚੇ ਮੁਲਜ਼ਮਾਂ ਵਲੋਂ ਅਰਥੀ ਫੂਕ ਮੁਜ਼ਾਹਰਾ ਕਰਕੇ ਮੁੱਖ ਪ੍ਰਸ਼ਾਸਕ ਪੁੱਡਾ ਦੀ ਅਰਥੀ ਸਾੜੀ ਗਈ |