ਐੱਸ. ਏ. ਐੱਸ. ਨਗਰ, 2 ਦਸੰਬਰ (ਪ੍ਰੋ. ਅਵਤਾਰ ਸਿੰਘ)-ਜਸਜੀਤ ਸਿੰਘ (ਪੀ. ਸੀ. ਐਸ.) ਨੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ (ਆਈ. ਏ. ਐਸ. ਸ਼ਾਖਾ) ਦੁਆਰਾ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਹਿੱਤ ਨਗਰ ਨਿਗਮ ਮੁਹਾਲੀ ਦੇ ਸੰਯੁਕਤ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਜਸਜੀਤ ਸਿੰਘ ਰੂਪਨਗਰ ਵਿਖੇ ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਸਨ | ਆਪਣੇ ਪਿਛਲੇ ਕਾਰਜਕਾਲ ਦੌਰਾਨ ਉਹ ਫ਼ੀਲਡ ਪ੍ਰਸ਼ਾਸਨ ਅਤੇ ਮੁੱਖ ਸਰਕਾਰੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਨਾਲ ਜੁੜੇ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ਾਸਨ ਤੇ ਜਨਤਕ ਸੇਵਾ 'ਚ ਸ਼ਾਨਦਾਰ ਤਜ਼ਰਬਾ ਮਿਲਿਆ | ਉਨ੍ਹਾਂ ਜ਼ਿਲ੍ਹਾ ਰੂਪਨਗਰ 'ਚ ਜਨਤਕ ਸ਼ਿਕਾਇਤਾਂ ਨੂੰ ਸੰਭਾਲਿਆ ਅਤੇ ਹੋਲਾ-ਮੁਹੱਲਾ ਸਮਾਗਮਾਂ, ਕਣਕ ਅਤੇ ਝੋਨੇ ਦੀ ਖ਼ਰੀਦ ਲਈ ਤਾਲਮੇਲ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨਾਲ ਸੰਬੰਧਤ ਜ਼ਿੰਮੇਵਾਰੀਆਂ ਵੀ ਤਨਦੇਹੀ ਨਾਲ ਨਿਭਾਈਆਂ | ਮੁਹਾਲੀ ਵਿਖੇ ਅਹੁਦਾ ਸੰਭਾਲਣ ਮੌਕੇ ਜਸਜੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਦੇ ਸੰਯੁਕਤ ਕਮਿਸ਼ਨਰ ਹੋਣ ਦੇ ਨਾਤੇ ਉਹ ਸ਼ਹਿਰੀ ਸ਼ਾਸਨ ਨੂੰ ਮਜ਼ਬੂਤ ਕਰਨ, ਨਾਗਰਿਕ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਮੁਹਾਲੀ ਸ਼ਹਿਰ ਦੇ ਤੇਜ਼ੀ ਨਾਲ ਹੋ ਰਹੇ ਵਿਸਤਾਰ ਦੇ ਮੱਦੇਨਜ਼ਰ ਸ਼ਹਿਰ 'ਚ ਚੱਲ ਰਹੀਆਂ ਵਿਕਾਸ ਪਹਿਲਕਦਮੀਆਂ ਨੂੰ ਅੱਗੇ ਲਿਜਾਣ 'ਚ ਉਸਾਰੂ ਭੂਮਿਕਾ ਨਿਭਾਉਣਗੇ |