ਚੰਡੀਗੜ੍ਹ, 2 ਦਸੰਬਰ (ਬਲਜਿੰਦਰ ਸਿੰਘ ਹਾਂਡਾ)-ਅਮਿਤ ਕੁਮਾਰ ਆਈ. ਏ. ਐਸ. ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ ਨੇ ਨਗਰ ਨਿਗਮ ਦੇ ਸੰਬੰਧਤ ਅਧਿਕਾਰੀਆਂ ਤੇ ਵਾਰਡ ਨੰਬਰ 8 ਦੇ ਕੌਂਸਲਰ ਹਰਜੀਤ ਸਿੰਘ ਦੇ ਨਾਲ ਮੌਲੀ ਜਾਗਰਾਂ ਤੇ ਮੱਖਣ ਮਾਜਰਾ ਦਾ ਵਿਆਪਕ ਦੌਰਾ ਕੀਤਾ ਤਾਂ ਜੋ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾ ਸਕੇ ਤੇ ਇਲਾਕੇ ਦੇ ਲੰਬਿਤ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ | ਨਿਰੀਖਣ ਦੌਰਾਨ ਕੌਂਸਲਰ ਹਰਜੀਤ ਸਿੰਘ ਨੇ ਕਮਿਸ਼ਨਰ ਨੂੰ ਵਾਰਡ ਵਿਚ ਲੰਬੇ ਸਮੇਂ ਤੋਂ ਲਟਕ ਰਹੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਗੰਦੇ ਨਾਲੇ ਦੀ ਹਾਲਤ 'ਤੇ ਚਾਨਣਾ ਪਾਇਆ ਅਤੇ ਇਸ ਦੀ ਕੰਕਰੀਟ ਦੀ ਉਸਾਰੀ ਦੀ ਬੇਨਤੀ ਕੀਤੀ | ਉਨ੍ਹਾਂ ਨੇ ਮੌਲੀ ਜਾਗਰਾਂ 'ਚ ਦੋ ਤੋਂ ਤਿੰਨ ਅੰਦਰੂਨੀ ਗਲੀਆਂ ਵੱਲ ਵੀ ਧਿਆਨ ਦਿਵਾਇਆ ਜੋ ਅਧੂਰੀਆਂ ਪਈਆਂ ਹਨ | ਰਾਏਪੁਰ ਕਲਾਂ 'ਚ ਵਾਰਡ ਨੰਬਰ 8 ਦੇ ਤਿੰਨੋਂ ਪਿੰਡਾਂ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜ਼ਰੂਰਤ ਦੇ ਨਾਲ-ਨਾਲ ਇਕ ਨਵੇਂ ਟਿਊਬਵੈੱਲ ਤੇ ਪਾਰਕ ਦੀ ਮੰਗ ਉਠਾਈ ਗਈ | ਰਾਏਪੁਰ ਖੁਰਦ ਲਈ ਇਕ ਹੋਰ ਨਵੇਂ ਟਿਊਬਵੈੱਲ ਦੀ ਬੇਨਤੀ ਵੀ ਰੱਖੀ ਗਈ | ਮੱਖਣ ਮਾਜਰਾ 'ਚ ਫਿਰਨੀ ਰੋਡ 'ਤੇ ਪੇਵਰ ਬਲਾਕ ਲਗਾਉਣ ਤੇ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਕੌਂਸਲਰ ਨੇ ਨਿਵਾਸੀਆਂ ਦੀ ਸਹੂਲਤ ਲਈ ਮੌਲੀ ਜਾਗਰਾਂ ਵਿਚ ਇਕ ਸੁਵਿਧਾ ਕੇਂਦਰ ਖੋਲ੍ਹਣ ਦੀ ਬੇਨਤੀ ਕੀਤੀ | ਕਮਿਸ਼ਨਰ ਨੇ ਕੌਂਸਲਰ ਤੇ ਪਿੰਡ ਵਾਸੀਆਂ ਵਲੋਂ ਉਠਾਈਆਂ ਗਈਆਂ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ | ਉਨ੍ਹਾਂ ਅਧਿਕਾਰੀਆਂ ਨੂੰ ਵਾਰਡ ਨੰਬਰ 8 ਵਿਚ ਸਾਰੇ ਲੰਬਿਤ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ |