ਡੇਰਾਬੱਸੀ, 2 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਖੇਤਰ 'ਚ ਚਲਾਏ ਗਏ ਕਾਸੋ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਉਪਿੰਦਰ ਸਿੰਘ ਪੁੱਤਰ ਮੈਨਪਾਲ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਦਫਰਪੁਰ ਨੂੰ ਗੈਰ-ਕਾਨੂੰਨੀ ਹਥਿਆਰ ਸਮੇਤ ਗਿ੍ਫਤਾਰ ਕਰਨ 'ਚ ਕਾਮਯਾਬੀ ਹਾਸਿਲ ਕੀਤੀ ਹੈ | ਇਹ ਆਪ੍ਰੇਸ਼ਨ ਡੀ. ਐਸ. ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਦੇਖ-ਰੇਖ ਹੇਠ ਐਸ. ਐਚ. ਓ. ਡੇਰਾਬੱਸੀ ਸੁਮਿਤ ਮੋਰ ਤੇ ਐਸ. ਐਚ. ਓ. ਲਾਲੜੂ ਰਣਵੀਰ ਸਿੰਘ ਦੀਆਂ ਵਿਸ਼ੇਸ਼ ਟੀਮਾਂ ਵਲੋਂ ਢੇਹਾ ਬਸਤੀ ਤੇ ਗੁਰੂ ਨਾਨਕ ਕਾਲੋਨੀ ਮੁਬਾਰਿਕਪੁਰ 'ਚ ਚਲਾਇਆ | ਇਸ ਕਾਰਵਾਈ ਦੌਰਾਨ ਉਪਿੰਦਰ ਸਿੰਘ ਤੋਂ ਇਕ ਗੈਰ-ਕਾਨੂੰਨੀ .32 ਬੋਰ ਪਿਸਤੌਲ, .315 ਬੋਰ ਦੇ ਪੰਜ ਜ਼ਿੰਦਾ ਕਾਰਤੂਸ ਤੇ .32 ਬੋਰ ਦਾ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ | ਪੁਲਿਸ ਨੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਉਸ ਨੂੰ ਗਿ੍ਫਤਾਰ ਕਰ ਲਿਆ | ਇਸ ਸੰਬੰਧੀ ਐਸ. ਐਚ. ਓ. ਡੇਰਾਬੱਸੀ ਨੇ ਦੱਸਿਆ ਕਿ ਮੁਲਜ਼ਮ ਨਾਲ ਸੰਬੰਧਤ ਅਗਲੇ ਤੇ ਪਿਛਲੇ ਸਾਰੇ ਲਿੰਕ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ | ਉਨ੍ਹਾਂ ਦੱਸਿਆ ਕਿ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਹ ਆਪ੍ਰੇਸ਼ਨ ਅੱਗੇ ਵੀ ਜਾਰੀ ਰਹੇਗਾ |