22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜਬਰ-ਜਨਾਹ ਤੇ ਪੋਕਸੋ ਐਕਟ ਤਹਿਤ ਦਰਜ ਮਾਮਲੇ 'ਚੋਂ ਇਕ ਨੌਜਵਾਨ ਬਰੀ

ਅਜੀਤ ਡੈਸਕ 21-11-2025
ਐੱਸ. ਏ. ਐੱਸ. ਨਗਰ, 20 ਨਵੰਬਰ (ਕਪਿਲ ਵਧਵਾ)-ਮੁਹਾਲੀ ਸਥਿਤ ਫਾਸਟ ਟਰੈਕ ਅਦਾਲਤ ਨੇ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚੋਂ ਇਕ ਨੌਜਵਾਨ ਨੂੰ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ 13 ਮਾਰਚ 2025 ਨੂੰ ਥਾਣਾ ਜ਼ੀਰਕਪੁਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੀੜਤਾ ਆਪਣੀ ਸਹੇਲੀ ਨਾਲ ਉਸ ਦੇ ਘਰ ਵਿਖੇ ਮੌਜੂਦ ਸੀ, ਜਿਥੇ ਸੁਸ਼ਾਂਤ ਨਾਂਅ ਦੇ ਲੜਕੇ ਨੇ ਉਸ ਨਾਲ ਜਬਰਦਸਤੀ ਸੰਬੰਧ ਬਣਾਏ | ਇਸ ਤੋਂ ਬਾਅਦ ਲੜਕੀ ਦੀ ਮਾਤਾ ਨੇ ਮੈਡੀਕਲ ਕਰਵਾਇਆ ਤੇ ਪੁਲਿਸ ਨੇ ਬੀ. ਐੱਨ. ਐੱਸ. ਦੀ ਧਾਰਾ 65 (1) ਤੇ 351 (3) ਸਮੇਤ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰਕੇ ਉਕਤ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਸੀ | ਦੱਸ ਦਈਏ ਕਿ ਸੁਸ਼ਾਂਤ ਦੇ ਗ਼ਰੀਬ ਘਰ ਨਾਲ ਸੰਬੰਧਤ ਹੋਣ ਕਾਰਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਉਸ ਦੀ ਪ੍ਰਤੀਨਿਧਤਾ ਲਈ ਵਕੀਲ ਗੀਤਾਂਜਲੀ ਬਾਲੀ ਨੂੰ ਨਿਯੁਕਤ ਕੀਤਾ ਗਿਆ ਸੀ | ਅਦਾਲਤ ਵਿਖੇ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਕਈ ਅਜਿਹੇ ਸਬੂਤ ਪੇਸ਼ ਕੀਤੇ ਜੋ ਕਿ ਲੜਕੀ ਨਾਲ ਹੋਈ ਜਬਰਦਸਤੀ ਦੀ ਗਵਾਹੀ ਭਰਦੇ ਸਨ, ਪਰ ਬਚਾਅ ਧਿਰ ਦੇ ਵਕੀਲ ਨੇ ਅਦਾਲਤ 'ਚ ਅਜਿਹੇ ਸਬੂਤ ਰੱਖੇ ਜੋ ਕਿ ਇਹ ਬਿਆਨ ਕਰਦੇ ਸੀ ਕਿ ਘਟਨਾ ਵਾਲੇ ਦਿਨ ਉਕਤ ਲੜਕਾ ਉਸ ਥਾਂ 'ਤੇ ਹਾਜ਼ਰ ਹੀ ਨਹੀਂ ਸੀ | ਇਸ ਤੋਂ ਇਲਾਵਾ ਲੜਕੀ ਨੇ ਇੰਸਟਾਗ੍ਰਾਮ ਚੈਟ ਦੌਰਾਨ ਆਪਣੀ ਦੋਸਤ ਨਾਲ ਹੋਈ ਗੱਲਬਾਤ 'ਚ ਲੜਕੇ ਨਾਲ ਸਰੀਰਕ ਸੰਬੰਧ ਬਣਾਉਣ ਦੀ ਗੱਲ ਤੋਂ ਇਨਕਾਰ ਕੀਤਾ ਸੀ, ਜਿਸ ਨੂੰ ਅਦਾਲਤ ਨੇ ਨੋਟ ਕੀਤਾ | ਇਸ ਦੇ ਚਲਦਿਆਂ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਦੋਸ਼-ਪੱਤਰ ਦਾਖ਼ਲ ਹੋਣ ਤੋਂ ਬਾਅਦ ਪੰਜ ਮਹੀਨਿਆਂ ਦੇ ਅੰਦਰ ਹੀ ਕੇਸ 'ਚ ਨਾਮਜ਼ਦ ਨੌਜਵਾਨ ਨੂੰ ਉਸ 'ਤੇ ਲੱਗੇ ਤਮਾਮ ਦੋਸ਼ਾਂ ਤੋਂ ਇਸ ਲਈ ਬਰੀ ਕਰ ਦਿੱਤਾ ਕਿਉਂਕਿ ਇਸਤਗਾਸਾ ਪੱਖ ਵਾਰਦਾਤ ਮੌਕੇ ਉਸ ਦੀ ਮੌਜੂਦਗੀ ਸਾਬਿਤ ਕਰਨ 'ਚ ਅਸਫ਼ਲ ਰਿਹਾ | ਅਦਾਲਤ ਦੇ ਫ਼ੈਸਲੇ ਉਪਰੰਤ ਡਿਪਟੀ ਚੀਫ਼ ਲੀਗਲ ਏਡ ਗੀਤਾਂਜਲੀ ਬਾਲੀ ਨੇ ਕਿਹਾ ਕਿ ਉਹ ਔਰਤਾਂ ਤੇ ਲੜਕੀਆਂ ਵਿਰੁੱਧ ਗੰਭੀਰ ਅਪਰਾਧਾਂ ਦੀ ਸਖ਼ਤ ਨਿਖੇਧੀ ਕਰਦੇ ਹਨ, ਪਰ ਕੁਝ ਮਾਮਲੇ ਅਜਿਹੇ ਵੀ ਹੁੰਦੇ ਹਨ, ਜਿਸ ਵਿਚ ਲੜਕੇ ਬੇਕਸੂਰ ਹੁੰਦੇ ਹਨ |
ਪਿਛਲੀ ਖ਼ਬਰ ਚੰਡੀਗੜ੍ਹ 'ਚ ਨਾਟਕ 'ਸੂਰਜਮੁਖੀ ਤੇ ਹੇਮਲੇਟ' ਦੀ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ <br/> ਅਗਲੀ ਖ਼ਬਰ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਤੇ ਨਸ਼ਿਆਂ ਬਾਰੇ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।