ਖਰੜ, 18 ਨਵੰਬਰ (ਗੁਰਮੁੱਖ ਸਿੰਘ ਮਾਨ/ਤਰਸੇਮ ਸਿੰਘ ਜੰਡਪੁਰੀ)-ਪੰਜਾਬ ਦੇ ਸਪੈਸ਼ਲ ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਸਾਰੇ ਪੰਜਾਬ ਵਿਚ ਅੱਜ 1200 ਥਾਵਾਂ, ਜਿਥੇ ਕਿ ਨਸ਼ੇ ਦੀ ਵਿਰਕੀ ਹੁੰਦੀ ਹੈ ਅਤੇ ਲੋਕ ਨਸ਼ਾ ਕਰਦੇ ਹਨ, ਵਿਖੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ 'ਕਾਸੋ ਆਪ੍ਰੇਸ਼ਨ' ਚਲਾਇਆ ਗਿਆ | ਉਨ੍ਹਾਂ ਦੱਸਿਆ ਕਿ ਹੁਣ ਤੱਕ 19 ਮਾਮਲੇ ਦਰਜ਼ ਹੋ ਚੁੱਕੇ ਹਨ, ਕਾਫ਼ੀ ਰਿਕਵਰੀ ਹੋਈ ਹੈ ਤੇ ਕਈ ਵਿਅਕਤੀ ਕਾਬੂ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਾਡਾ ਮਕਸਦ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਤ ਮਗਰਮੱਛਾਂ ਨੂੰ ਕਾਬੂ ਕਰਕੇ ਸਪਲਾਈ ਲਾਈਨ ਨੂੰ ਤੋੜਿਆ ਜਾਵੇ | ਅੱਜ ਖਰੜ ਵਿਖੇ 'ਕਾਸੋ ਆਪ੍ਰੇਸ਼ਨ' ਤੋਂ ਬਾਅਦ ਸਪੈਸ਼ਲ ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਾਨ ਤਹਿਤ ਹੁਣ 24 ਹਜ਼ਾਰ ਦੇ ਕਰੀਬ ਮਾਮਲੇ ਦਰਜ਼ ਕੀਤੇ ਜਾ ਚੁੱਕੇ ਹਨ, ਜਦਕਿ ਬਹੁਤ ਸਾਰੇ ਬੱਚਿਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿਖੇ ਦਾਖ਼ਲ ਕਰਵਾਇਆ ਜਾ ਚੁੱਕਿਆ ਹੈ | ਪੰਜਾਬ ਵਿਚ ਨਸ਼ਾ ਕਿਥੋਂ ਆ ਰਿਹਾ ਹੈ, ਬਾਬਤ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਬਾਰਡਰ ਸੂਬਾ ਹੈ ਅਤੇ ਇਥੇ ਦੂਜੇ ਦੇਸ਼ਾਂ ਤੋਂ ਨਸ਼ਾ ਆਉਂਦਾ ਹੈ, ਜਿਸ ਨੂੰ ਅਸੀਂ ਰੋਜ਼ਾਨਾ ਮੌਨੀਟਰਿੰਗ ਕਰਕੇ ਘਟਾਇਆ ਹੈ ਅਤੇ ਇਸ ਦੌਰਾਨ ਲੋਕ ਸਾਨੂੰ ਸਹਿਯੋਗ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਹੋਏ ਧਮਾਕੇ ਨੂੰ ਲੈ ਕੇ ਪੰਜਾਬ ਵਿਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਟੀਮਾਂ ਵਲੋਂ ਨਿਰੰਤਰ ਆਪ੍ਰੇਸ਼ਨ ਅਤੇ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਬਾਰਡਰ ਖੇਤਰ ਵਿਚ ਵੀ ਚੌਕਸੀ ਵਧਾਈ ਗਈ ਹੈ | ਬੀਤੇ ਕੱਲ੍ਹ ਬੰਗਾ ਵਿਖੇ ਵਾਪਰੀ ਘਟਨਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਆਪਸੀ ਦੁਸ਼ਮਣੀ ਦਾ ਨਤੀਜ਼ਾ ਹੈ | ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਜਲਦ ਉਹ ਪੁਲਿਸ ਦੀ ਹਿਰਾਸਤ ਵਿਚ ਹੋਣਗੇ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ, ਐਸ. ਪੀ. ਦੀਪਿਕਾ ਸੇਖੋਂ, ਡੀ. ਐਸ. ਪੀ. ਖਰੜ ਕਰਨ ਸਿੰਘ ਸੰਧੂ, ਥਾਣਾ ਸਿਟੀ ਖਰੜ ਦੇ ਐਸ. ਐਚ. ਓ. ਅਮਰਿੰਦਰ ਸਿੰਘ ਸੰਧੂ, ਟ੍ਰੈਫਿਕ ਪੁਲਿਸ ਖਰੜ ਦੇ ਇੰਚਾਰਜ ਓਮਵੀਰ ਸਿੰਘ ਤੇ ਇੰਸਪੈਕਟਰ ਕੁਲਵੰਤ ਸਿੰਘ ਸਮੇਤ ਵੱਖ-ਵੱਖ ਥਾਣਿਆਂ ਦੇ ਐਸ. ਐਚ. ਓਜ਼ ਅਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ |