ਚੰਡੀਗੜ੍ਹ, 6 ਨਵੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯਮੁਨਾਨਗਰ ਦੇ ਪ੍ਰਤਾਪਨਗਰ ਬੱਸ ਅੱਡੇ 'ਤੇ ਵੀਰਵਾਰ ਨੂੰ ਹੋਈ ਬੱਸ ਦੁਰਘਟਨਾ ਬਹੁਤ ਮੰਦਭਾਗੀ ਘਟਨਾ ਹੈ | ਉਨ੍ਹਾਂ ਨੇ ਦੁਰਘਟਨਾ 'ਚ ਜ਼ਖ਼ਮੀ ਵਿਦਿਆਰਥੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹੋਏ ਮਰਹੂਮ ਵਿਦਿਆਰਥਣ ਦੇ ਪਰਿਵਾਰਾਂ ਦੇ ਪ੍ਰਤੀ ਡੂੰਘੀ ਸੰਵੇਦਨਾ ਵਿਅਕਤ ਕੀਤੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ 'ਚ ਸਰਕਾਰ ਪ੍ਰਭਾਵਿਤ ਪਰਿਵਾਰ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਵਰਨਣਯੋਗ ਹੈ ਕਿ ਹਰਿਆਣਾ ਰਾਜ ਟਰਾਂਸਪੋਰਟ ਯਮੁਨਾਨਗਰ ਦੀ ਬੱਸ ਪਾਊਾਟਾ ਸਾਹਿਬ ਤੋਂ ਦਿੱਲੀ ਜਾਂਦੇ ਹੋਏ ਅੱਜ ਸਵੇਰੇ ਪ੍ਰਤਾਪਨਗਰ ਬੱਸ ਅੱਡੇ 'ਤੇ ਹਾਦਸਾਗ੍ਰਸਤ ਹੋ ਗਈ | ਚਲਦੀ ਬੱਸ 'ਚ ਚੜ੍ਹਣ ਦਾ ਯਤਨ ਕਰ ਰਹੀਆਂ ਕੁਝ ਵਿਦਿਆਰਥਣਾਂ ਹੇਠਾਂ ਡਿੱਗ ਗਈਆਂ, ਜਿਨ੍ਹਾਂ 'ਚੋਂ ਪੰਜ ਜ਼ਖ਼ਮੀ ਹੋ ਗਈਆਂ ਤੇ ਇਕ ਵਿਦਿਆਰਥਣ ਦੀ ਇਲਾਜ ਦੌਰਾਨ ਪੀ. ਜੀ. ਆਈ. ਚੰਡੀਗੜ੍ਹ ਵਿਚ ਮੌਤ ਹੋ ਗਈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਿ੍ਤਕ ਵਿਦਿਆਰਥਣ ਦੇ ਪਰਿਵਾਰ ਨੂੰ 2 ਲੱਖ 50 ਹਜ਼ਾਰ ਰੁਪਏ ਦੀ ਤੁੰਰਤ ਸਹਾਇਤਾ ਰਕਮ ਮਨਜੂਰ ਕੀਤੀ ਹੈ, ਨਾਲ ਹੀ, ਹੋਰ ਪੰਜ ਜ਼ਖ਼ਮੀ ਵਿਦਿਆਰਥੀਆਂ ਲਈ 50 ਹਜ਼ਾਰ ਰੁਪਏ ਦੀ ਤੁਰੰਤ ਸਹਾਇਤਾ ਰਕਮ, ਫ੍ਰੀ ਇਲਾਜ ਤੇ ਮੈਡੀਕਲ ਖਰਚ ਦੀ ਪ੍ਰਤੀਪੂਰਤੀ ਦੀ ਮਨਜ਼ੂਰੀ ਵੀ ਦਿੱਤੀ ਹੈ |