ਚੰਡੀਗੜ੍ਹ, 5 ਨਵੰਬਰ (ਸੰਦੀਪ ਕੁਮਾਰ ਮਾਹਨਾ) ਤਰਨ ਤਾਰਨ ਜ਼ਿਮਨੀ ਚੋਣ ਦੇ ਮਾਹੌਲ 'ਚ ਸਿਆਸੀ ਤਣਾਅ ਚਰਮ ਸੀਮਾ 'ਤੇ ਪਹੁੰਚ ਗਿਆ ਹੈ | ਸ਼੍ਰੋਮਣੀ ਅਕਾਲੀ ਦਲ (ਬ) ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਹਾਰ ਦੇ ਡਰ ਨਾਲ ਬੌਖਲਾਈ 'ਆਪ' ਹੁਣ ਸ਼੍ਰੋਮਣੀ ਅਕਾਲੀ ਉਮੀਦਵਾਰ ਪਿੰ੍ਰ. ਸੁਖਵਿੰਦਰ ਕੌਰ ਰੰਧਾਵਾ ਦੇ ਪਰਿਵਾਰਕ ਮੈਂਬਰਾਂ ਦੀ ਰੇਕੀ ਕਰਵਾ ਰਹੀ ਹੈ | ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਇਸ ਨੂੰ ਲੋਕਤੰਤਰ ਅਤੇ ਨੈਤਿਕ ਮਰਿਆਦਾ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ | ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਇਕ ਸ਼ੱਕੀ ਕਾਰ ਲਗਾਤਾਰ ਸ਼੍ਰੋਮਣੀ ਅਕਾਲੀ ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਦੇ ਕਾਫ਼ਲੇ ਦਾ ਪਿੱਛਾ ਕਰ ਰਹੀ ਸੀ | ਅੱਜ ਜਦੋਂ ਪਾਰਟੀ ਵਰਕਰਾਂ ਨੇ ਉਸ ਕਾਰ ਨੂੰ ਰੋਕਿਆ ਤਾਂ ਉਸ ਵਿਚੋਂ ਦੋ ਵਿਅਕਤੀ ਨਿਕਲੇ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਦੇ ਮੁਲਾਜ਼ਮ ਦੱਸਿਆ | ਕਲੇਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਹ ਵਿਅਕਤੀ ਕਦੇ ਆਖਦੇ ਸਨ ਕਿ ਉਨ੍ਹਾਂ ਦੀ ਡਿਊਟੀ ਐਸ.ਪੀ. ਰਿਪੁਦਮਨ ਸਿੰਘ ਨੇ ਲਗਾਈ ਹੈ ਤੇ ਕਦੇ ਕਹਿੰਦੇ ਸਨ ਕਿ ਸੀ.ਆਈ.ਏ ਇੰਚਾਰਜ ਪ੍ਰਭਦੀਪ ਸਿੰਘ ਨੇ | ਉਨ੍ਹਾਂ ਨੂੰ ਕੰਚਨਪ੍ਰੀਤ ਕੌਰ ਦੀਆਂ ਗਤੀਵਿਧੀਆਂ 'ਤੇ ਨਿਗਰਾਨੀ ਕਰਨ ਲਈ ਭੇਜਿਆ ਹੈ | ਉਨ੍ਹਾਂ ਕਿਹਾ ਕਿ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਿਅਕਤੀ ਆਪਣੇ ਪਛਾਣ ਪੱਤਰ ਤੱਕ ਨਹੀਂ ਦਿਖਾ ਸਕੇ | ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਇਹ ਸਾਰਾ ਮਾਮਲਾ 'ਆਪ' ਸਰਕਾਰ ਦੀ ਘਬਰਾਹਟ ਅਤੇ ਬੌਖਲਾਹਟ ਦਾ ਨਤੀਜਾ ਹੈ | 'ਆਪ' ਨੂੰ ਪਤਾ ਲੱਗ ਗਿਆ ਹੈ ਕਿ ਤਰਨਤਾਰਨ 'ਚ ਉਸਦੀ ਹਾਰ ਤੈਅ ਹੈ, ਇਸ ਲਈ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਡਰਾਉਣ ਦੇ ਘਟੀਆ ਹੱਥਕੰਡੇ ਵਰਤ ਰਹੀ ਹੈ | ਅਰਸ਼ਦੀਪ ਕਲੇਰ ਨੇ ਇਸ ਮਾਮਲੇ 'ਚ ਤਰਨ ਤਾਰਨ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਜੋ ਅਧਿਕਾਰੀ ਸੱਤਾ ਦੇ ਦਬਾਅ ਹੇਠ ਗੈਰ ਕਾਨੂੰਨੀ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀਆਂ ਕਰਤੂਤਾਂ ਦਾ ਹਿਸਾਬ ਦੇਣਾ ਪਵੇਗਾ |