ਡੇਰਾਬੱਸੀ, 5 ਨਵੰਬਰ (ਰਣਬੀਰ ਸਿੰਘ ਪੜ੍ਹੀ)-ਬਰਵਾਲਾ ਰੋਡ 'ਤੇ ਪਿੰਡ ਭਗਵਾਨਪੁਰ ਦੇ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਇਕ ਕੈਂਟਰ ਨੂੰ ਓਵਰਟੇਕ ਕੀਤਾ ਸੀ ਤੇ ਇਸ ਤੋਂ ਕੁਝ ਸੈਕਿੰਡ ਬਾਅਦ ਉਸੇ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਸੜਕ 'ਤੇ ਡਿੱਗ ਪਿਆ ਅਤੇ ਕੈਂਟਰ ਹੇਠ ਆ ਕੇ ਕੁਚਲਿਆ ਗਿਆ | ਇਹ ਘਟਨਾ ਫੈਕਟਰੀ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਮਿ੍ਤਕ ਦੀ ਪਛਾਣ ਦੀਕਸ਼ ਡੋਗਰਾ ਵਜੋਂ ਹੋਈ ਹੈ, ਜੋ ਕਿ ਪਿਛਲੇ ਦੋ ਸਾਲਾਂ ਤੋਂ ਡੇਰਾਬੱਸੀ ਦੀ ਕਿ੍ਸ਼ਨਾ ਇਨਕਲੇਵ ਵਿਖੇ ਕਿਰਾਏ ਦੇ ਕੁਆਟਰ 'ਚ ਰਹਿੰਦਾ ਸੀ ਤੇ ਟੀ. ਸੀ. ਇੰਡਸਟਰੀ ਅਲੀਪੁਰ (ਪੰਚਕੂਲਾ) ਵਿਖੇ ਨੌਕਰੀ ਕਰਦਾ ਸੀ | ਦੀਕਸ਼ ਦੇ ਪਿਤਾ ਕਰਤਾਰ ਸਿੰਘ ਵਾਸੀ ਪਿੰਡ ਚੌਕੀ ਬੁਆਣਾ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ ਅਤੇ ਵੱਡਾ ਪੁੱਤਰ ਅਕਸ਼ੈ ਡੋਗਰਾ ਮੁਹਾਲੀ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ, ਜਦਕਿ ਛੋਟਾ ਪੁੱਤਰ ਦੀਕਸ਼ ਆਪਣੀ ਡਿਊਟੀ ਤੋਂ ਛੁੱਟੀ ਕਰਕੇ ਮੋਟਰਸਾਈਕਲ ਰਾਹੀਂ ਵਾਪਸ ਕੁਆਟਰ ਵਿਖੇ ਆ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਹ ਭਗਵਾਨਪੁਰ ਨੇੜੇ ਲੋਟਸ ਫੈਕਟਰੀ ਦੇ ਸਾਹਮਣੇ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਕੈਂਟਰ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਦਿਲਬਾਗ ਸਿੰਘ ਦੇ ਮੁਤਾਬਿਕ ਟੱਕਰ ਮਾਰਨ ਤੋਂ ਬਾਅਦ ਤੇਜ਼ ਰਫ਼ਤਾਰ ਕੈਂਟਰ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਸੜਕ 'ਤੇ ਪਏ ਦੀਕਸ਼ ਨੂੰ ਰਾਹਗੀਰਾਂ ਦੀ ਮੱਦਦ ਨਾਲ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਅਣਪਛਾਤੇ ਕੈਂਟਰ ਤੇ ਉਸ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਉੱਧਰ ਪੁਲਿਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |