11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਦੌਰਾਨ ਮੇਅਰ ਜੀਤੀ ਸਿੱਧੂ ਤੇ 'ਆਪ' ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵਿਚਕਾਰ ਹੋਈ ਤਿੱਖਾ ਤਕਰਾਰ <br/>

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਦੌਰਾਨ ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ | (ਸੱਜੇ) ਨਗਰ ਨਿਗਮ ਦੀ ਮੀਟਿੰਗ ਦੌਰਾਨ ਹਾਜ਼ਰ ਮੁਹਾਲੀ ਦੇ ਕੌਂਸਲਰ | ਅਜੀਤ ਤਸਵੀਰਾਂ <br/> 04-11-2025
ਐੱਸ. ਏ. ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ 'ਚ ਸ਼ਹਿਰ 'ਚ ਕੂੜਾ-ਕਰਕਟ ਦੇ ਦਿਨੋਂ ਦਿਨ ਗੰਭੀਰ ਹੁੰਦੇ ਜਾ ਰਹੇ ਮਸਲੇ ਨੂੰ ਲੈ ਕੇ ਸੱਦੀ ਨਗਰ ਨਿਗਮ ਦੀ ਮੀਟਿੰਗ ਦੌਰਾਨ ਅੱਜ ਭਾਵੇਂ ਕੂੜੇ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ, ਪਰ ਮੀਟਿੰਗ ਦੌਰਾਨ ਨਿਗਮ ਵਲੋਂ 2021 'ਚ ਹੱਦਬੰਦੀ ਸੰਬੰਧੀ ਪਾਏ ਗਏ ਮਤੇ 'ਚੋਂ ਨਵੀਂ ਹੱਦਬੰਦੀ ਤਜਵੀਜ਼ ਵਿਚ ਬਾਹਰ ਛੱਡੇ ਗਏ ਕੁਝ ਖੇਤਰਾਂ ਨੂੰ ਨਿਗਮ 'ਚ ਸ਼ਾਮਿਲ ਕਰਨ ਲਈ ਮੁੜ ਮਤਾ ਪਾਸ ਕਰਨ ਮੌਕੇ ਮੇਅਰ ਜੀਤੀ ਸਿੱਧੂ ਅਤੇ ਹਲਕਾ ਵਿਧਾਇਕ ਦੇ ਪੁੱਤਰ ਤੇ 'ਆਪ' ਕੌਂਸਲਰ ਸਰਬਜੀਤ ਸਿੰਘ ਸਮਾਣਾ ਵਿਚਕਾਰ ਤਿੱਖੀ ਤਕਰਾਰ ਹੋ ਗਈ ਅਤੇ ਦੋਵਾਂ ਵਲੋਂ ਇਕ-ਦੂਜੇ ਖ਼ਿਲਾਫ਼ ਨਿੱਜੀ ਦੂਸ਼ਣਬਾਜ਼ੀ ਕੀਤੇ ਜਾਣ ਕਾਰਨ ਮਾਹੌਲ ਗਰਮਾ ਗਿਆ | ਦੋਵਾਂ ਨੇ ਇਕ-ਦੂਜੇ 'ਤੇ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਕਰਨ ਦੇ ਦੋਸ਼ ਵੀ ਲਗਾਏ | ਮੀਟਿੰਗ ਦੌਰਾਨ ਕੌਂਸਲਰ ਮਨਜੀਤ ਸਿੰਘ ਸੇਠੀ ਨੇ ਪੁੱਛਿਆ ਕਿ ਨਗਰ ਨਿਗਮ ਦੀ ਪਿਛਲੀ ਮੀਟਿੰਗ ਵਿਚ ਬੀ-ਰੋਡ ਦੇ ਠੇਕੇਦਾਰ ਵਲੋਂ ਸਹੀ ਢੰਗ ਨਾਲ ਸਫ਼ਾਈ ਨਾ ਕਰਨ ਕਰਕੇ ਉਸ ਦਾ ਠੇਕਾ ਰੱਦ ਕਰਨ ਦਾ ਮਤਾ ਪਾਇਆ ਸੀ, ਉਸ ਦਾ ਕੀ ਬਣਿਆ | ਉਨ੍ਹਾਂ ਕਿਹਾ ਕਿ ਕੂੜੇ ਦੇ ਮੁੱਦੇ 'ਤੇ ਦੋਵੇਂ ਧਿਰਾਂ ਸਿਰਫ਼ ਬਿਆਨਬਾਜ਼ੀ ਕਰ ਰਹੀਆਂ ਹਨ, ਜਦ ਕਿ ਅਮਲੀ ਰੂਪ 'ਚ ਕੋਈ ਕਾਰਵਾਈ ਨਹੀਂ ਹੋ ਰਹੀ | ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਮੇਅਰ ਜੀਤੀ ਸਿੱਧੂ ਨੂੰ ਅਪੀਲ ਕੀਤੀ ਕਿ ਕੂੜੇ ਦੇ ਮਸਲੇ 'ਤੇ ਸਿਆਸੀ ਤਕਰਾਰਬਾਜ਼ੀ ਦੀ ਥਾਂ ਇਹ ਦੱਸਿਆ ਜਾਵੇ ਕਿ ਹੁਣ ਅਸਲੀ ਸਥਿਤੀ ਕੀ ਹੈ, ਜਦ ਕਿ ਕੌਂਸਲਰ ਨਰਪਿੰਦਰ ਸਿੰਘ ਰੰਗੀ ਨੇ ਪੁੱਛਿਆ ਕਿ ਅੱਜ ਤੋਂ 4 ਸਾਲ ਪਹਿਲਾਂ ਜਗਤਪੁਰਾ ਤੇ ਸ਼ਾਹੀ ਮਾਜਰਾ 'ਚ ਡੰਪਿੰਗ ਗਰਾਊਾਡ 'ਤੇ ਪ੍ਰੋਸੈਸਿੰਗ ਪਲਾਂਟ ਲਗਾਉਣ ਦਾ ਮਤਾ ਐਫ. ਐਂਡ ਸੀ. ਸੀ. 'ਚ ਪਾ ਕੇ ਸਾਡੇ 'ਤੇ ਥੋਪਿਆ ਗਿਆ ਸੀ, ਪਰ ਜੇਕਰ ਇਹ ਮਤਾ ਹਾਊਸ ਵਿਚ ਲਿਆਂਦਾ ਜਾਂਦਾ ਤਾਂ ਸ਼ਾਇਦ ਅੱਜ ਅਸੀਂ ਇੰਨਾ ਪੈਸਾ ਖ਼ਰਚ ਕਰਕੇ ਵੀ ਨਤੀਜਾ ਕੁਝ ਵੀ ਨਾ ਨਿਕਲਣ ਦੀ ਸਥਿਤੀ ਤੋਂ ਬਚ ਸਕਦੇ ਸੀ ਤੇ ਇਸ ਮਾਮਲੇ 'ਚ ਜ਼ਿੰਮੇਵਾਰੀ ਤੈਅ ਕੀਤੀ ਜਾਵੇ | ਇਸ ਤੋਂ ਬਾਅਦ ਸੈਕਟਰ-79 ਦੇ ਕੌਂਸਲਰ ਹਰਜੀਤ ਸਿੰਘ ਭੋਲੂ ਵਲੋਂ ਸੈਕਟਰ-79 ਦੀ ਸਲਿੱਪ ਰੋਡ ਤੇ ਸੈਕਟਰ-78 ਦੀ ਮਾਰਕੀਟ ਦੀ ਪਾਰਕਿੰਗ ਵਿਚ ਪ੍ਰਵਾਸੀਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ ਗਿਆ | ਇਸ ਮੌਕੇ ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਉਹ ਕੂੜੇ ਦੀ ਸਮੱਸਿਆ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਪਰ ਗਮਾਡਾ ਵਲੋਂ ਜ਼ਮੀਨ ਨਾ ਮਿਲਣ ਕਾਰਨ ਇਹ ਸਮੱਸਿਆ ਹੱਲ ਨਹੀਂ ਹੋ ਰਹੀ | ਇਸੇ ਦੌਰਾਨ ਨਿਗਮ ਕਮਿਸ਼ਨਰ ਪਰਮਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਨਿਗਮ ਦੀ ਹੱਦ ਵਿਚਲੇ ਖੇਤਰ 'ਚੋਂ 100 ਟਨ ਕੂੜਾ ਰੋਜ਼ਾਨਾ ਨਿਕਲਦਾ ਹੈ, ਪਰ 60-70 ਟਨ ਕੂੜਾ ਰੋਜ਼ਾਨਾ ਬਾਹਰਲੇ ਸੈਕਟਰਾਂ 'ਚੋਂ ਸੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਨਿਗਮ ਨੂੰ ਦਿੱਤੀ 13 ਏਕੜ ਜ਼ਮੀਨ ਪਟਿਆਲਾ ਕੀ ਰਾਓ ਨਦੀ ਦੇ ਨਾਲ ਰਿਹਾਇਸ਼ੀ ਖੇਤਰ ਨੇੜੇ ਸਥਿਤ ਹੈ, ਜਿਸ ਦਾ ਨਿਗਮ ਨੇ ਫਿਜ਼ੀਕਲੀ ਅਜੇ ਕਬਜ਼ਾ ਨਹੀਂ ਲਿਆ | ਉਨ੍ਹਾਂ ਕਿਹਾ ਕਿ ਇਹ ਇਲਾਕਾ ਸਿਰਫ਼ ਗਰੀਨ ਕੂੜਾ ਸੁੱਟਣ ਵਾਲਾ ਖੇਤਰ ਹੈ | ਉਨ੍ਹਾਂ ਦੱਸਿਆ ਕਿ ਜਗਤਪੁਰਾ ਡੰਪਿੰਗ ਗਰਾਊਾਡ ਵਿਚ ਕੂੜੇ ਦੇ ਹੋਏ ਵਿਸਥਾਰ ਕਾਰਨ ਏਅਰਪੋਰਟ ਅਥਾਰਿਟੀ ਤੇ ਏਅਰ ਫੋਰਸ ਵਲੋਂ ਇਸ ਨੂੰ ਬੰਦ ਕਰਨ ਲਈ ਭਾਰੀ ਦਬਾਅ ਪਾਇਆ ਜਾ ਰਿਹਾ, ਜਦ ਕਿ ਸ਼ਾਹੀਮਾਜਰਾ ਪ੍ਰੋਸੈਸਿੰਗ ਪਲਾਂਟ ਤੇ ਡੰਪਿੰਗ ਗਰਾਊਾਡ ਨੂੰ ਬੰਦ ਕਰਨ ਲਈ ਐਨ. ਜੀ. ਟੀ. (ਨੈਸ਼ਨਲ ਗਰੀਨ ਟਿ੍ਬਿਊਨਲ) ਦਾ ਨੋਟਿਸ ਆ ਚੁੱਕਾ ਹੈ | ਹੁਣ ਹਾਲਾਤ ਇਹ ਬਣ ਗਏ ਹਨ ਕਿ ਜੇਕਰ ਇਹ ਦੋਵੇਂ ਡੰਪਿੰਗ ਗਰਾਊਾਡ ਤੇ ਪ੍ਰੋਸੈਸਿੰਗ ਯੂਨਿਟ ਬੰਦ ਕਰਨੇ ਪਏ ਤਾਂ ਹਾਲਾਤ ਹੋਰ ਬਦਤਰ ਹੋ ਜਾਣਗੇ | ਇਸ ਦੌਰਾਨ ਮੇਅਰ ਜੀਤੀ ਸਿੱਧੂ ਨੇ ਸਮਗੌਲੀ ਪ੍ਰੋਸੈਸਿੰਗ ਪਲਾਂਟ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਥੇ 50 ਏਕੜ ਜ਼ਮੀਨ ਤਾਂ ਜ਼ਰੂਰ ਹੈ, ਪਰ ਉਸ ਦੀ ਅਜੇ ਚਾਰਦੀਵਾਰੀ ਵੀ ਨਹੀਂ ਹੋਈ ਤੇ ਉਥੇ ਕੂੜਾ ਸੁੱਟਣ ਜਾਣ ਲਈ ਕੋਈ ਸੜਕ ਵੀ ਨਹੀਂ ਹੈ ਅਤੇ ਡੇਰਾਬੱਸੀ ਦਾ ਵਿਧਾਇਕ ਵੀ ਇਸ ਦਾ ਵਿਰੋਧ ਕਰ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਸਮਗੌਲੀ ਪਲਾਂਟ ਤੱਕ ਜਾਣ ਲਈ ਤੁਰੰਤ ਸੜਕ ਬਣਾਉਣ ਦੀ ਮੰਗ ਕੀਤੀ | ਇਸ ਤੋਂ ਬਾਅਦ ਕਮਿਸ਼ਨਰ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਗਮਾਡਾ ਤੋਂ ਥਾਂ ਹਾਸਿਲ ਕਰਨ ਲਈ ਲਗਾਤਾਰ ਸੰਪਰਕ ਵਿਚ ਹਨ | ਇਸੇ ਦੌਰਾਨ ਮੇਅਰ ਜੀਤੀ ਸਿੱਧੂ ਨੇ ਕੌਂਸਲਰ ਰਾਜਿੰਦਰ ਸਿੰਘ ਰਾਣਾ ਦੀ ਮੰਗ ਉੱਤੇ ਨਗਰ ਨਿਗਮ ਦੀ ਹੱਦ 'ਚੋਂ ਬਾਹਰ ਛੱਡੇ ਗਏ ਬਲੌਂਗੀ, ਬੜਮਾਜਰਾ, ਟੀ. ਡੀ. ਆਈ. ਸੈਕਟਰ 117- 118 ਦੇ ਵੱਖ-ਵੱਖ ਸੈਕਟਰਾਂ ਨੂੰ ਤਜਵੀਜ਼ਤ ਹੱਦਬੰਦੀ ਵਿਚ ਸ਼ਾਮਿਲ ਕਰਵਾਉਣ ਲਈ ਹਾਊਸ 'ਚ ਮਤਾ ਲਿਆਂਦਾ, ਜਿਸ 'ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ, ਮਨਜੀਤ ਸਿੰਘ ਸੇਠੀ, ਗੁਰਪ੍ਰੀਤ ਕੌਰ, ਗੁਰਮੀਤ ਕੌਰ ਆਦਿ ਕੌਂਸਲਰਾਂ ਨੇ ਪੁੱਛਿਆ ਕਿ ਨਿਗਮ 'ਚ ਸ਼ਾਮਿਲ ਕੀਤੇ ਗਏ ਪਹਿਲੇ ਪਿੰਡਾਂ ਦੀਆਂ ਸਮੱਸਿਆਵਾਂ ਤਾਂ ਅਜੇ ਤੱਕ ਹੱਲ ਨਹੀਂ ਹੋਈਆਂ, ਲਿਹਾਜ਼ਾ ਪਹਿਲਾਂ ਉਨ੍ਹਾਂ ਬਾਰੇ ਦੱਸਿਆ ਜਾਵੇ | ਇਸ ਦੌਰਾਨ ਮੇਅਰ ਜੀਤੀ ਸਿੱਧੂ ਤੇ ਸਰਬਜੀਤ ਸਿੰਘ ਸਮਾਣਾ ਵਿਚਕਾਰ ਤਕਰਾਰ ਹੋ ਗਈ | ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਵਿਚ ਕੋਈ ਭੁਲੇਖਾ ਹੈ ਤਾਂ ਹਾਊਸ ਦੀ ਵੋਟਿੰਗ ਕਰਵਾ ਲਈ ਜਾਵੇ | ਇਸ ਤੋਂ ਇਲਾਵਾ ਮੁਹਾਲੀ ਵਿਚ ਸੜਕਾਂ 'ਤੇ ਘੁੰਮ ਰਹੇ ਪਸ਼ੂਆਂ ਨੂੰ ਫੜ ਕੇ ਉਨ੍ਹਾਂ ਨੂੰ ਛੱਡਣ ਲਈ ਜੁਰਮਾਨੇ ਦੀ ਰਾਸ਼ੀ 20 ਹਜ਼ਾਰ ਰੁ. ਕਰਨ ਤੇ ਕੁਝ ਦਿਨ ਪਸ਼ੂ ਨਾ ਛੁਡਾਉਣ 'ਤੇ ਉਸ ਪਸ਼ੂ ਦੀ ਬੋਲੀ ਕਰਨ ਦੇ ਮਤੇ ਵੀ ਪਾਸ ਕੀਤੇ ਗਏ |

ਪਿਛਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਬੈਠਕ 'ਚ ਭਾਰੀ ਹੰਗਾਮਾ ਅਗਲੀ ਖ਼ਬਰ ਖਰੜ ਪੁਲਿਸ ਵਲੋਂ ਵਪਾਰਕ ਮਾਤਰਾ 'ਚ ਆਈਸ ਡਰੱਗ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।