ਜ਼ੀਰਕਪੁਰ, 20 ਜੁਲਾਈ (ਹੈਪੀ ਪੰਡਵਾਲਾ)- ਨੇੜਲੇ ਪਿੰਡ ਭਬਾਤ 'ਚ ਅੱਜ ਸਵੇਰੇ ਇਕ ਵਿਅਕਤੀ ਦਾ ਉਸਦੇ ਗੁਆਂਢੀ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ | ਮਿ੍ਤਕ ਦੀ ਪਛਾਣ ਪ੍ਰਮੋਦ ਕੁਮਾਰ (40) ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਪਿੰਡ ਭਬਾਤ ਵਜੋਂ ਹੋਈ ਹੈ | ਪੁਲਿਸ ਨੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਬਾਬਤ ਮਿ੍ਤਕ ਦੀ ਪਤਨੀ ਮਾਲਤੀ ਨੇ ਦੱਸਿਆ ਕਿ ਫੈਜਾਨ ਨਾਂਅ ਦਾ ਵਿਅਕਤੀ ਉਨ੍ਹਾਂ ਤੋਂ ਹੇਠਲੇ ਕਮਰੇ 'ਚ ਰਹਿੰਦਾ ਹੈ | ਉਸਨੇ ਦੋਸ਼ ਲਾਇਆ ਕਿ ਅੱਜ ਸਵੇਰੇ ਕਰੀਬ 5 ਵਜੇ ਉਹ ਘਰ ਦਾ ਕੰਮ ਕਰ ਰਹੀ ਸੀ, ਤਾਂ ਉਹ ਉਸ ਨਾਲ ਅਸਲੀਲ ਹਰਕਤਾਂ ਕਰਨ ਲੱਗ ਪਿਆ | ਉਸ ਨੇ ਇਸਦਾ ਵਿਰੋਧ ਕੀਤਾ ਤਾਂ ਉਸਦਾ ਪਤੀ ਵੀ ਮੌਕੇ 'ਤੇ ਪਹੁੰਚ ਗਿਆ | ਇਸ ਦੌਰਾਨ ਹੋਏ ਝਗੜੇ 'ਚ ਫੈਜਾਨ ਨੇ ਉਸਦੇ ਪਤੀ ਦੀ ਵੱਖੀ 'ਤੇ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ | ਜ਼ਖ਼ਮੀ ਹਾਲਤ 'ਚ ਉਸਨੂੰ ਚੰਡੀਗੜ੍ਹ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ | ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ | ਮਿ੍ਤਕ ਪਿੱਛੇ ਪਤਨੀ ਤੇ 4 ਬੱਚੇ ਛੱਡ ਗਿਆ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕਿ ਜਾਂਚ ਸ਼ੁਰੂ ਕਰ ਦਿੱਤੀ ਸੀ | ਫ਼ਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਜਾਂਚ 'ਚ ਜੁਟੀ ਹੋਈ ਹੈ ਅਤੇ ਫ਼ੈਜਾਨ ਦੇ ਪਰਿਵਾਰਕ ਮੈਂਬਰਾਂ ਕੋਲੋੰ ਪੁੱਛਗਿੱਛ ਕਰ ਰਹੀ ਹੈ |