ਖਰੜ, 19 ਜੁਲਾਈ (ਜੰਡਪੁਰੀ)-ਪੰਜਾਬ ਸਰਕਾਰ ਵਲੋਂ ਨਵੀਂ ਲਿਆਂਦੀ ਗਈ 'ਲੈਂਡ ਪੂਲਿੰਗ ਪਾਲਿਸੀ' ਨੂੰ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ ਨਰਿੰਦਰ ਰਾਣਾ ਨੇ ਗ਼ੈਰ-ਸੰਵਿਧਾਨਕ ਦੱਸਦਿਆਂ ਕਿਹਾ ਕਿ ਇਹ ਪਾਲਿਸੀ ਪੰਜਾਬ ਦੇ ਕਿਸਾਨਾਂ ਦੀ ਕੀਮਤੀ ਜ਼ਮੀਨ ਨੂੰ ਹਥਿਆਉਣ ਤੇ ਕਿਸਾਨਾਂ ਦੀ ਲੁੱਟ-ਖਸੁੱਟ ਕਰਨ ਵਾਸਤੇ ਇਕ ਸੋਚੀ ਸਮਝੀ ਸਾਜਿਸ਼ ਹੈ | ਉਨ੍ਹਾਂ ਕਿਹਾ 'ਆਪ' ਸਰਕਾਰ ਵਲੋਂ ਕਿਸਾਨਾਂ ਦੀ ਧੱਕੇਸ਼ਾਹੀ ਨਾਲ ਖੋਹੀਆਂ ਜਾ ਰਹੀਆਂ ਜ਼ਮੀਨਾਂ ਨੂੰ ਐਕਵਾਇਰ ਕਰਨ ਲਈ ਜਾਰੀ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਲੋਕਤੰਤਰਿਕ ਤਰੀਕੇ ਨਾਲ ਚੁਣੀ ਸਰਕਾਰ ਨੂੰ 'ਹਾਈਜੈਕ' ਕਰ ਲਿਆ ਹੈ ਅਤੇ ਪੰਜਾਬ ਦਾ ਪੈਸਾ ਸੂਬੇ ਤੋਂ ਬਾਹਰ ਵਰਤਿਆ ਜਾ ਰਿਹਾ ਹੈ, ਜੋ ਕਿ ਪੰਜਾਬ ਦੀ 3 ਕਰੋੜ ਜਨਤਾ ਨਾਲ ਵੱਡਾ ਧੋਖਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਰਾਹੀਂ ਸੂਬੇ 'ਚ 1 ਲੱਖ ਏਕੜ ਦੇ ਕਰੀਬ ਵਾਹੀਯੋਗ ਜ਼ਮੀਨ ਐਕਵਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਪੰਜਾਬ 'ਚ 20 ਹਜ਼ਾਰ ਤੋਂ ਵੱਧ ਕਿਸਾਨ ਅਤੇ ਮਜ਼ਦੂਰ ਪਰਿਵਾਰ ਉਜੜ ਜਾਣਗੇ | ਉਨ੍ਹਾਂ ਕਿਹਾ ਕਿ 'ਲੈਂਡ ਪੂਲਿੰਗ ਪਾਲਿਸੀ' ਦੇ ਖ਼ਿਲਾਫ਼ ਭਾਜਪਾ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਪੰਜਾਬ 'ਚ ਕਿਸਾਨਾਂ ਦੀ ਇਕ ਇੰਚ ਜ਼ਮੀਨ ਵੀ ਹੜੱਪਣ ਨਹੀਂ ਦਿੱਤੀ ਜਾਵੇਗੀ |