ਐੱਸ. ਏ. ਐੱਸ. ਨਗਰ, 19 ਜੁਲਾਈ (ਪ੍ਰੋ. ਅਵਤਾਰ ਸਿੰਘ)-ਪ੍ਰੋਗਰੈਸਿਵ ਫਰੰਟ ਪੰਜਾਬ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ 'ਚ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ ਸਮੇਤ ਕੁਝ ਹੋਰ ਭਖਦੇ ਮਸਲਿਆਂ ਸੰਬੰਧੀ ਸੰਘਰਸ਼ ਕਰਨ ਦੇ ਲਏ ਗਏ ਫ਼ੈਸਲੇ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ 'ਚ ਫਰੰਟ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਰੰਟ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਫਰੰਟ ਸੰਯੁਕਤ ਕਿਸਾਨ ਮੋਰਚੇ ਦੁਆਰਾ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ ਦੀ ਤਹਿ ਦਿਲੋਂ ਮਦਦ ਕਰੇਗਾ ਅਤੇ ਲੈਂਡ ਪਲਿੰਗ ਪਾਲਿਸੀ ਨੂੰ ਰੱਦ ਕਰਵਾਉਣ 'ਚ ਹਰ ਸੰਭਵ ਸਹਿਯੋਗ ਦੇਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖ਼ਰੀਦਣ ਲਈ ਪਿਛਲੇ ਕਈ ਸਾਲਾਂ ਤੋਂ ਕੁਝ ਰਾਜਸੀ ਆਗੂਆਂ, ਅਫ਼ਸਰਾਂ, ਕਾਰਪੋਰੇਟ ਸੈਕਟਰ ਅਤੇ ਕੁਝ ਹੋਰ ਧਨਾਢਾਂ ਵਲੋਂ ਇਕ ਲੈਂਡ ਮਾਫ਼ੀਆ ਤਿਆਰ ਕਰਕੇ ਲਗਾਤਾਰ ਕਿਸਾਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਸਰਕਾਰ ਵੀ ਉਸੇ ਨੀਤੀ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਸ਼ਹਿਰ ਦੀ ਹੋਂਦ ਇਸੇ ਤਰ੍ਹਾਂ ਦੇ ਗਠਜੋੜ ਦਾ ਨਤੀਜਾ ਹੈ | ਇਸ ਮੌਕੇ ਫਰੰਟ ਦੇ ਸਲਾਹਕਾਰ ਰਜਨੀਸ਼ ਖੰਨਾ, ਮੀਤ ਪ੍ਰਧਾਨ ਸੋਹਣ ਸਿੰਘ ਮੱਛਲੀ ਕਲਾਂ, ਨਰਿੰਦਰ ਸਿੰਘ ਜੌਲੀ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਰੋਹਤ ਕੁਮਾਰ, ਰਾਣਾ ਰਵਿੰਦਰ ਸਿੰਘ ਮੱਛਲੀ ਕਲਾਂ ਅਤੇ ਆਕਾਸ਼ ਕੋਹਲੀ ਆਦਿ ਹਾਜ਼ਰ ਸਨ |