ਚੰਡੀਗੜ੍ਹ, 18 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਸਟਾਫ਼ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡਿਜੀਟਲ ਯੁੱਗ ਵਿਚ ਸੁਰੱਖਿਅਤ ਰਹਿਣ ਲਈ ਜ਼ਰੂਰੀ ਅਭਿਆਸਾਂ ਬਾਰੇ ਸਿੱਖਿਅਤ ਕਰਨ ਲਈ ਇੱਕ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਇਸ ਪ੍ਰੋਗਰਾਮ ਵਿਚ ਸਾਈਬਰ ਸੁਰੱਖਿਆ ਮਾਹਿਰ ਤਰੁਣ ਮਲਹੋਤਰਾ ਸ਼ਾਮਿਲ ਹੋਏ | ਜਿਨ੍ਹਾਂ ਨੇ ਸਾਈਬਰ ਸੁਰੱਖਿਆ, ਡਿਜੀਟਲ ਦੁਨੀਆ ਵਿਚ ਸੁਰੱਖਿਆ ਬਣਾਈ ਰੱਖਣਾ ਸਿਰਲੇਖ ਅਧੀਨ ਇੱਕ ਸੂਝਵਾਨ ਸੈਸ਼ਨ ਕਰਵਾਇਆ ਗਿਆ | ਉਨ੍ਹਾਂ ਨੇ ਸਾਈਬਰ ਅਪਰਾਧ, ਫਿਸ਼ਿੰਗ, ਡੇਟਾ ਉਲੰਘਣਾਵਾਂ ਅਤੇ ਡਿਜੀਟਲ ਸਫਾਈ ਬਣਾਈ ਰੱਖਣ ਦੀ ਮਹੱਤਤਾ ਸਮੇਤ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ | ਉਨ੍ਹਾਂ ਨੇ ਸਟਾਫ ਮੈਂਬਰਾਂ ਨੂੰ ਹਮੇਸ਼ਾ ਸੁਚੇਤ ਰਹਿਣ ਅਤੇ ਕਿਸੇ ਵੀ ਅਣਜਾਣ ਵਿਅਕਤੀ ਦੇ ਕਿਸੇ ਵੀ ਅਣਜਾਣ ਲਿੰਕ ਜਾਂ ਸੰਦੇਸ਼, ਈਮੇਲ 'ਤੇ ਕਲਿੱਕ ਨਾ ਕਰਨ ਦਾ ਸੱਦਾ ਦਿੱਤਾ | ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ, ਵਿੱਤ ਅਤੇ ਵਿਕਾਸ ਅਧਿਕਾਰੀ ਡਾ. ਵਿਕਰਮ ਨਈਅਰ, ਪ੍ਰੀਖਿਆ ਕੰਟਰੋਲਰ ਪ੍ਰੋ. ਜਗਤ ਭੂਸ਼ਣ, ਡਿਪਟੀ ਰਜਿਸਟਰਾਰ, ਸਹਾਇਕ ਰਜਿਸਟਰਾਰ, ਸੁਪਰਡੈਂਟ ਅਤੇ ਪੰਜਾਬ ਯੂਨੀਵਰਸਿਟੀ ਦੇ ਹੋਰ ਸਟਾਫ਼ ਮੈਂਬਰ ਜਾਗਰੂਕਤਾ ਪ੍ਰੋਗਰਾਮ ਵਿਚ ਸ਼ਾਮਿਲ ਹੋਏ | ਇਹ ਸੈਸ਼ਨ ਪੰਜਾਬ ਯੂਨੀਵਰਸਿਟੀ ਸਾਈਬਰ ਵੈਲਨੈੱਸ ਕਲੀਨਿਕ ਦੀ ਪਹਿਲਕਦਮੀ ਤਹਿਤ ਸੈਂਟਰ ਫਾਰ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰਸ਼ਿਪ ਦੇ ਆਨਰੇਰੀ ਡਾਇਰੈਕਟਰ ਪ੍ਰੋ. ਸੁਵੀਰਾ ਗਿੱਲ ਅਤੇ ਸੈਂਟਰ ਫਾਰ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰਸ਼ਿਪ ਦੇ ਕੋਆਰਡੀਨੇਟਰ ਪ੍ਰੋ. ਵਿਸ਼ਾਲ ਸ਼ਰਮਾ ਦੁਆਰਾ ਕਰਵਾਇਆ ਗਿਆ |