ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਸ਼ਿਵਾਲਿਕ ਸਿਟੀ ਖਰੜ ਵਿਖੇ ਰੈਜ਼ੀਡੈਂਟ ਵੈੱਲਫ਼ੇਅਰ ਸੁਸਾਇਟੀ ਦੀ ਮੀਟਿੰਗ ਹੋਈ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਵਿਚ ਹਾਜ਼ਰ ਵੱਡੀ ਗਿਣਤੀ ਸੁਸਾਇਟੀ ਮੈਂਬਰਾਂ ਅਤੇ ਸਥਾਨਕ ਵਸਨੀਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਿਵਾਲਿਕ ਸਿਟੀ ਦੇ ਗੇਟ ਨੰ. 1 ਦੇ ਐਂਟਰੀ ਵਾਲੇ ਰਸਤੇ ਦਾ ਬਹੁਤ ਹੀ ਬੁਰਾ ਹਾਲ ਹੈ, ਜਦਕਿ ਇਹ ਸ਼ਿਵਾਲਿਕ ਸਿਟੀ ਦੀ ਮੇਨ ਐਂਟਰੀ ਹੈ | ਉਨ੍ਹਾਂ ਕਿਹਾ ਕਿ ਇੱਥੇ ਬਰਸਾਤ ਦੇ ਦਿਨਾਂ 'ਚ ਗੋਡੇ ਗੋਡੇ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਆਉਣ-ਜਾਣ ਵਾਲੀ ਟ੍ਰੈਫ਼ਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ | ਇਸ ਤੋਂ ਇਲਾਵਾ ਸ਼ਿਵਾਲਿਕ ਸਿਟੀ ਦੀਆਂ ਅੰਦਰਲੀਆਂ ਸੜਕਾਂ ਦੀ ਹਾਲਤ ਵੀ ਬਹੁਤ ਖਸਤਾ ਹੈ, ਜਦਕਿ ਸਟਰੀਟ ਲਾਈਟਾਂ ਅਤੇ ਪਬਲਿਕ ਪਾਰਕਾਂ ਦੀ ਵੀ ਸਾਂਭ-ਸੰਭਾਲ ਨਹੀਂ ਹੋ ਰਹੀ ਅਤੇ ਸੀਵਰਜ ਦਾ ਹਾਲ ਵੀ ਚੰਗਾ ਨਹੀਂ ਹੈ | ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਕੌਂਸਲਰਾਂ ਤੇ ਕੌਂਸਲ ਪ੍ਰਧਾਨ ਦੀ ਆਪਸੀ ਖਿੱਚੋਤਾਣ ਅਤੇ ਸੌੜੀ ਸਿਆਸਤ ਕਰਕੇ ਸਾਰੇ ਵਿਕਾਸ ਕਾਰਜ ਠੱਪ ਪਏ ਹਨ | ਇਥੋਂ ਤੱਕ ਕਿ ਉਹ ਪਿਛਲੀ ਕਾਂਗਰਸ ਸਰਕਾਰ ਸਮੇਤ ਜਦੋ-ਜਹਿਦ ਕਰਕੇ ਜੋ ਕਜੌਲੀ ਵਾਟਰ ਵਰਕਸ ਦਾ ਪ੍ਰਾਜੈਕਟ ਸ਼ਹਿਰ ਲਈ ਲੈ ਕੇ ਆਏ ਸਨ, ਉਹ ਵੀ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਠੰਢੇ ਬਸਤੇ 'ਚ ਪੈ ਗਿਆ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਹ ਸਾਰੇ ਮਸਲੇ ਜਲਦ ਹੀ ਕੌਂਸਲ ਪ੍ਰਧਾਨ ਨਾਲ ਗੱਲਬਾਤ ਕਰਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਐਮ. ਐਸ. ਬਾਜਵਾ, ਐਚ. ਐਸ. ਰੋਕੀ, ਹਰਜਿੰਦਰ ਸਿੰਘ ਮਾਨ, ਆਰ. ਕੇ. ਸ਼ਰਮਾ, ਮਹਿੰਦਰ ਸਿੰਘ, ਐਚ. ਐਸ. ਚਹਿਲ, ਮੱਖਣ ਸਿੰਘ, ਕਿਸ਼ਨ ਸਿੰਘ ਤੇ ਸੰਜੀਵ ਆਦਿ ਵੀ ਹਾਜ਼ਰ ਸਨ |