ਐੱਸ. ਏ. ਐੱਸ. ਨਗਰ, 18 ਜੁਲਾਈ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਆਈ. ਟੀ. ਸਿਟੀ ਅਧੀਨ ਪੈਂਦੇ ਇਕ ਪਿੰਡ ਸੇਖਨ ਮਾਜਰਾ ਤੋਂ ਪੁਲਿਸ ਨੇ ਵਪਾਰਕ ਮਾਤਰਾ ਵਿਚ ਭੁੱਕੀ ਬਰਾਮਦ ਕਰਨ ਉਪਰੰਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਐੱਸ. ਪੀ. ਸੌਰਵ ਜਿੰਦਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਵਿਚ ਤਾਇਨਾਤ ਐੱਸ. ਆਈ. ਮੁਹੰਮਦ ਇਕਬਾਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਸੇਖਨ ਮਾਜਰਾ ਦੇ ਕੁਝ ਵਿਅਕਤੀਆਂ ਵਲੋਂ ਭੁੱਕੀ (ਚੂਰਾ-ਪੋਸਤ) ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ | ਇਸ ਬਾਰੇ ਸੰਬੰਧਿਤ ਥਾਣੇ ਨੂੰ ਸੂਚਿਤ ਕੀਤਾ ਗਿਆ, ਜਿਥੇ ਕਿ ਇਕਬਾਲ ਸਿੰਘ ਵਾਸੀ ਪਿੰਡ ਬੂਟਾ ਸਿੰਘ ਵਾਲਾ (ਬਨੰੂੜ), ਜਰਨੈਲ ਸਿੰਘ ਉਰਫ਼ ਜੈਲਾ (72) ਅਤੇ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀਆਨ ਪਿੰਡ ਸੇਖਨ ਮਾਜਰਾ ਵਿਰੁੱਧ ਐੱਨ. ਡੀ. ਪੀ. ਐੱਸ. ਦੀ ਧਾਰਾ 15, 61 ਅਤੇ 85 ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ | ਇਸ ਉਪਰੰਤ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ 'ਚ ਇੰਸਪੈਕਟਰ ਹਰਮਿੰਦਰ ਸਿੰਘ ਨੇ ਪਿੰਡ ਸੇਖਨ ਮਾਜਰਾ ਵਿਖੇ ਛਾਪੇਮਾਰੀ ਕਰਕੇ ਜਰਨੈਲ ਸਿੰਘ ਦੇ ਤੂੜੀ ਵਾਲੇ ਕਮਰੇ ਚੋਂ 1 ਕੁਇੰਟਲ 35 ਕਿੱਲੋ 480 ਗ੍ਰਾਮ ਭੁੱਕੀ (ਚੂਰਾ-ਪੋਸਤ) ਬਰਾਮਦ ਕੀਤੀ ਅਤੇ ਜਰਨੈਲ ਸਿੰਘ ਨੂੰ ਵੀ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਬਰਾਮਦ ਭੁੱਕੀ ਨੂੰ ਪੁਲਿਸ ਨੇ ਪੰਜ ਬੋਰੀਆਂ 'ਚ ਸੀਲਬੰਦ ਕਰਕੇ ਮਾਲਖਾਨੇ ਵਿਚ ਜਮ੍ਹਾਂ ਕਰਵਾ ਦਿੱਤਾ | ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਆਪਣੇ ਸਾਥੀਆਂ ਨਾਲ ਮਿਲ ਕੇ ਬਾਹਰਲੇ ਸੂਬਿਆਂ ਤੋਂ ਭੁੱਕੀ ਲਿਆ ਕੇ ਇਥੇ ਸਪਲਾਈ ਕਰਦੇ ਸਨ | ਉਨ੍ਹਾਂ ਕਿਹਾ ਕਿ ਮੁਲਜ਼ਮ ਪਿਛਲੇ 3-4 ਸਾਲਾਂ ਤੋਂ ਇਹ ਗੋਰਖਧੰਦਾ ਕਰਦੇ ਆ ਰਹੇ ਸਨ | ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮ ਜਰਨੈਲ ਸਿੰਘ ਅਦਾਲਤ ਵਿਖੇ ਪੇਸ਼ ਕਰਨ 'ਤੇ ਇਲਾਕਾ ਮੈਜਿਸਟ੍ਰੇਟ ਵਲੋਂ ਸੋਮਵਾਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਉਨ੍ਹਾਂ ਦਾਅਵਾ ਕੀਤਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ |