31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੁਹਾਲੀ ਵਿਖੇ 'ਅਸਮਿਤਾ ਖੇਲੋ ਇੰਡੀਆ ਮਹਿਲਾ ਸਿਟੀ ਲੀਗ' ਰੋਡ ਸਾਈਕਲਿੰਗ ਈਵੈਂਟ 20 ਨੂੰ

ਅਜੀਤ ਡੈਸਕ 18-07-2025
ਐੱਸ. ਏ. ਐੱਸ. ਨਗਰ, 17 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ (ਸੀ. ਐਫ. ਆਈ.), ਖੇਲੋ ਇੰਡੀਆ (ਯੂਥ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਅਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਮੁਹਾਲੀ ਦੇ ਸਹਿਯੋਗ ਨਾਲ 20 ਜੁਲਾਈ ਨੂੰ ਪੰਜਾਬ ਵਿਚ ਆਪਣੀ ਕਿਸਮ ਦਾ ਪਹਿਲਾ 'ਅਸਮਿਤਾ ਖੇਲੋ ਇੰਡੀਆ ਮਹਿਲਾ ਸਿਟੀ ਲੀਗ' ਰੋਡ ਸਾਈਕਲਿੰਗ ਈਵੈਂਟ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ (ਪੰਜਾਬ ਸਰਕਾਰ) ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਵਕਾਰੀ ਸਮਾਗਮ ਸਵੇਰੇ 6 ਵਜੇ ਸ਼ੁਰੂ ਹੋਵੇਗਾ, ਜਿਸ ਦਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਮਾਨਵ ਮੰਗਲ ਸਕੂਲ ਸੈਕਟਰ-88 ਮੁਹਾਲੀ ਦੇ ਨੇੜੇ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਈਵੈਂਟ ਵਿਚ ਵੱਡੀ ਗਿਣਤੀ ਵਿਚ ਮਹਿਲਾ ਸਾਈਕਲਿਸਟ ਹਿੱਸਾ ਲੈਣਗੀਆਂ, ਜੋ ਕਿ ਆਪਣੀ ਤਾਕਤ, ਦਿ੍ੜਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕਰਨਗੀਆਂ | ਇਸ ਸਮਾਗਮ ਵਿਚ ਸਥਾਨਕ ਸਕੂਲਾਂ ਅਤੇ ਕਾਲਜਾਂ ਦੀ ਸਰਗਰਮ ਸ਼ਮੂਲੀਅਤ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਅੰਤਰਰਾਸ਼ਟਰੀ ਖਿਡਾਰੀ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਹਿੱਸਾ ਲੈਣਗੀਆਂ | ਉਨ੍ਹਾਂ ਸ਼ਹਿਰ ਦੇ ਵਸਨੀਕਾਂ, ਸਾਈਕਲਿੰਗ ਪ੍ਰੇਮੀਆਂ ਅਤੇ ਮਹਿਲਾ ਖੇਡਾਂ ਦੇ ਸਮਰਥਕਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਖ਼ਜ਼ਾਨਚੀ ਬਖ਼ਸ਼ੀਸ਼ ਸਿੰਘ ਤੇ ਅਮਨਦੀਪ ਸਿੰਘ ਰੋਮਾਣਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਭਾਗੀਦਾਰ ਸੈਕਟਰ-88 ਮੁਹਾਲੀ ਵਿਖੇ 20 ਜੁਲਾਈ ਨੂੰ ਸਵੇਰੇ 5.30 ਵਜੇ ਰਿਪੋਰਟ ਕਰਨਗੇ | ਉਨ੍ਹਾਂ ਦੱਸਿਆ ਕਿ ਭਾਗੀਦਾਰ ਆਪਣਾ ਸਾਈਕਲ (ਕਿਸੇ ਵੀ ਕਿਸਮ ਦਾ) ਅਤੇ ਹੈਲਮਟ (ਜੇਕਰ ਹੈ) ਤੋਂ ਇਲਾਵਾ ਪੰਜਾਬ ਦੇ ਪਤੇ ਵਾਲਾ ਆਪਣਾ ਆਧਾਰ ਕਾਰਡ ਨਾਲ ਲਿਆਉਣ ਨੂੰ ਯਕੀਨੀ ਬਣਾਉਣਗੇ | ਉਨ੍ਹਾਂ ਦੱਸਿਆ ਕਿ ਹਰੇਕ ਭਾਗੀਦਾਰ ਨੂੰ ਸੀ. ਐਫ. ਆਈ. ਅਤੇ ਖੇਲੋ ਇੰਡੀਆ ਤੋਂ ਸਰਟੀਫ਼ਿਕੇਟ ਮਿਲੇਗਾ, ਜਦਕਿ ਹਰੇਕ ਸ਼੍ਰੇਣੀ ਵਿਚ ਪਹਿਲੇ 3 ਸਥਾਨਾਂ 'ਤੇ ਆਉਣ ਵਾਲਿਆਂ ਨੂੰ ਤਗ਼ਮੇ ਅਤੇ ਸਰਟੀਫ਼ਿਕੇਟ ਦਿੱਤੇ ਜਾਣਗੇ |
ਪਿਛਲੀ ਖ਼ਬਰ ਸੂਝਵਾਨ ਤੇ ਮਿਲਣਸਾਰ ਸੁਭਾਅ ਦਾ ਮਾਲਕ ਸੀ ਜਤਿਨ ਗਰਗ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਪੀ.ਜੀ ਕੋਰਸ ਲਈ ਅਰਜ਼ੀਆਂ ਦੇਣ ਦੀ ਆਖ਼ਰੀ ਤਾਰੀਕ 'ਚ ਕੀਤਾ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।