ਚੰਡੀਗੜ੍ਹ, 16 ਜੁਲਾਈ (ਸੰਦੀਪ ਕੁਮਾਰ ਮਾਹਨਾ) ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂ.ਟੀ ਸਕੱਤਰੇਤ ਵਿਖੇ ਜਨਤਾ ਦੀਆਂ ਸਮੱਸਿਆਵਾਂ ਸੁਣਨ ਲਈ ਜਨਤਾ ਦਰਬਾਰ ਲਗਾਇਆ | ਜਿਸ 'ਚ ਉਨ੍ਹਾਂ ਆਮ ਲੋਕਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਜਨਤਕ ਸੁਵਿਧਾਵਾਂ, ਜਨਤਕ ਸੇਵਾਵਾਂ ਅਤੇ ਭਲਾਈ ਯੋਜਨਾਵਾਂ ਨਾਲ ਸੰਬੰਧਿਤ ਸ਼ਿਕਾਇਤਾਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਰਾਜਪਾਲ ਨੇ ਹਰੇਕ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਅਧਿਕਾਰੀ ਜਨਤਾ ਦੀ ਗੱਲ ਨਹੀਂ ਸੁਣਦੇ, ਉਦੋਂ ਤੱਕ ਉਹ ਲੋਕਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ | ਇਹ ਜਨਤਾ ਦਰਬਾਰ ਸਿਰਫ਼ ਸਮੱਸਿਆਵਾਂ ਸੁਣਨ ਤੱਕ ਹੀ ਨਹੀਂ, ਸਗੋਂ ਹਰ ਸ਼ਿਕਾਇਤ ਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਇਸ ਦੇ ਹੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ | ਰਾਜਪਾਲ ਕਟਾਰੀਆ ਨੇ ਇਹ ਵੀ ਸਪਸ਼ਟ ਕੀਤਾ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਨੂੰ ਮਿਲਣ ਆ ਰਹੇ ਹਨ ਤਾਂ ਜੋ ਨਿਯਮਾਂ ਅਨੁਸਾਰ ਇਸ ਦਾ ਸਹੀ ਢੰਗ ਨਾਲ ਹੱਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਉਹ ਜਨਤਾ ਦੇ ਸੇਵਕ ਹਨ, ਇਹ ਇਕ ਸੰਵਿਧਾਨਿਕ ਅਹੁਦਾ ਹੈ ਅਤੇ ਇਸ ਅਹੱੁਦੇ 'ਤੇ ਰਹਿੰਦੇ ਹੋਏ ਜਨਤਾ ਦੀ ਸੇਵਾ ਕਰਨਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਜਨਤਾ ਦਰਬਾਰ ਤੋਂ ਬਾਅਦ ਪ੍ਰਸ਼ਾਸਕ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ, ਜਿਸ ਵਿਚ ਜਨਤਾ ਤੋਂ ਹਾਸਲ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਗਈ | ਉਨ੍ਹਾਂ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ 'ਚ ਸੰਵੇਦਨਸ਼ੀਲਤਾ, ਤਤਪਰਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ |