ਚੰਡੀਗੜ੍ਹ, 15 ਜੁਲਾਈ (ਅਜੀਤ ਬਿਊਰੋ)-ਸੂਬੇ 'ਚ ਛੋਟੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਦੇ ਹਿੱਸੇ ਵਜੋਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ 'ਦਸਤ ਰੋਕੋ ਮੁਹਿੰਮ 2025' ਦੀ ਸ਼ੁਰੂਆਤ ਕੀਤੀ | ਦੋ ਮਹੀਨੇ ਲੰਬੀ ਇਹ ਹਮਲਾਵਰ ਮੁਹਿੰਮ ਸਿੱਧੇ ਤੌਰ 'ਤੇ ਬੱਚਿਆਂ 'ਚ ਦਸਤ, ਜੋ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਮੌਤ ਦਰ ਦਾ ਇੱਕ ਪ੍ਰਮੁੱਖ ਕਾਰਨ ਹੈ ਅਤੇ ਪਰ ਪੂਰੀ ਤਰ੍ਹਾਂ ਰੋਕਥਾਮਯੋਗ ਬਿਮਾਰੀ ਹੈ, ਦੀ ਰੋਕਥਾਮ 'ਕੇ ਧਿਆਨ ਕੇਂਦਰਤ ਕਰਦੀ ਹੈ | ਕੈਬਨਿਟ ਮੰਤਰੀ ਨੇ ਇਸ ਮੌਕੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ | ਡਾ. ਬਲਬੀਰ ਸਿੰਘ ਨੇ ਕਿਹਾ ਕਿ ਦਸਤ ਬੱਚਿਆਂ 'ਚ ਮੌਤਾਂ ਦਾ ਇੱਕ ਵੱਡਾ ਕਾਰਨ ਹੈ, ਜੋ ਕਿ ਇੱਕ ਬਹੁਤ ਹੀ ਗੰਭੀਰ ਪਰ ਰੋਕਥਾਮਯੋਗ ਬਿਮਾਰੀ ਹੈ | ਇਹ ਮੁਹਿੰਮ ਜਾਗਰੂਕਤਾ, ਰੋਕਥਾਮ ਅਤੇ ਸਮੇਂ ਸਿਰ ਇਲਾਜ ਰਾਹੀਂ ਹਰ ਬੱਚੇ ਦੀ ਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਉੱਚ-ਜੋਖਮ ਵਾਲੇ ਮਾਨਸੂਨ ਦੇ ਮਹੀਨਿਆਂ 'ਤੇ ਧਿਆਨ ਕੇਂਦਰਤ ਕਰਦਿਆਂ ਇੱਕ ਰੋਕਥਾਮ-ਬਚਾਅ-ਇਲਾਜ (ਪੀਪੀਟੀ) ਰਣਨੀਤੀ ਅਪਣਾਏਗਾ | ਸੂਬਾ ਸਰਕਾਰ ਆਸ਼ਾ ਵਰਕਰਾਂ ਦੀ ਮਦਦ ਨਾਲ ਘਰ-ਘਰ ਓਆਰਐਸ-ਜ਼ਿੰਕ ਕਿੱਟ ਦੀ ਵੰਡ ਨੂੰ ਯਕੀਨੀ ਬਣਾਏਗੀ | ਸਿਹਤ ਮੰਤਰੀ ਨੇ ਲੋਕਾਂ ਨੂੰ ਆਲੇ-ਦੁਆਲੇ ਨੂੰ ਸਾਫ਼ ਰੱਖਣ, ਸਾਫ਼ ਤੇ ਸੁਰੱਖਿਅਤ ਪਾਣੀ ਦੀ ਵਰਤੋਂ ਅਤੇ ਦਸਤ ਦੇ ਲੱਛਣ ਦਿਖਣ 'ਤੇ ਜਲਦ ਇਲਾਜ ਲੈਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਐਨ.ਐਚ.ਐਮ ਡਾ. ਬਲਵਿੰਦਰ ਕੌਰ, ਸਲਾਹਕਾਰ ਜੇ.ਐਸ.ਐਸ.ਕੇ ਡਾ. ਮੀਨੂ ਲਖਨਪਾਲ, ਐਸ.ਪੀ.ਓ ਐਮ.ਸੀ.ਐਚ ਡਾ. ਹਰਪ੍ਰੀਤ ਕੌਰ, ਐਸ.ਪੀ.ਓ ਐਨ.ਆਰ.ਸੀ.ਪੀ ਡਾ. ਅਰਸ਼ਦੀਪ ਕੌਰ, ਐਮ.ਓ ਐਮ.ਸੀ.ਐਚ ਡਾ. ਹਰਸਿਮਰਤ ਕੌਰ, ਏ.ਪੀ.ਓ ਐਮ.ਸੀ.ਐਚ ਡਾ. ਦੀਕਸ਼ਾ ਸ਼ਰਮਾ ਅਤੇ ਐਸ.ਏ ਐਮ.ਸੀ.ਐਚ ਬਰੁਣ ਗੁਪਤਾ ਵੀ ਮੌਜੂਦ ਸਨ |