30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਪੁਲਿਸ ਵਲੋਂ 52 ਗ੍ਰਾਮ ਆਈਸ ਬਰਾਮਦ, ਥਾਰ ਸਵਾਰ ਦੋ ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 15-07-2025
ਐੱਸ. ਏ. ਐੱਸ. ਨਗਰ, 14 ਜੁਲਾਈ (ਕਪਿਲ ਵਧਵਾ)-ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਥਾਣਾ ਹੰਡੇਸਰਾ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਆਈਸ (ਸਿੰਥੈਟਿਕ ਡਰੱਗ) ਦੀ ਵਪਾਰਕ ਮਾਤਰਾ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਕਾਰਵਾਈ ਸੰਬੰਧੀ ਮੁਹਾਲੀ ਪੁਲਿਸ ਹੈੱਡਕੁਆਟਰ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐੱਸ. ਪੀ. ਜਾਂਚ ਸੌਰਵ ਜਿੰਦਲ ਨੇ ਦੱਸਿਆ ਕਿ ਥਾਣਾ ਹੰਡੇਸਰਾ ਦੀ ਪੁਲਿਸ ਪਾਰਟੀ ਐਤਵਾਰ ਨੂੰ ਨਾਕਾਬੰਦੀ ਦੇ ਚਲਦਿਆਂ ਨਗਲਾ ਪਿੰਡ ਮੋੜ ਹੰਡੇਸਰਾ ਵਿਖੇ ਮੌਜੂਦ ਸੀ ਅਤੇ ਇਸੇ ਦੌਰਾਨ ਇਕ ਮਹਿੰਦਰਾ ਥਾਰ ਨੂੰ ਪੁਲਿਸ ਅਧਿਕਾਰੀਆਂ ਵਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਥਾਰ ਚਾਲਕ ਨੇ ਨਾਕੇ ਤੋਂ ਪਹਿਲਾਂ ਹੀ ਗੱਡੀ ਰੋਕ ਕੇ ਇਕ ਲਿਫ਼ਾਫ਼ਾ ਬਾਹਰ ਸੁੱਟ ਦਿੱਤਾ ਤੇ ਫਿਰ ਗੱਡੀ ਭਜਾ ਲਈ | ਪੁਲਿਸ ਨੇ ਥੋੜ੍ਹੀ ਦੂਰੀ 'ਤੇ ਜਾ ਕੇ ਥਾਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਵਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਜਾਂਚ ਕੀਤੀ ਗਈ ਤਾਂ ਉਸ 'ਚੋਂ ਆਈਸ ਨਾਮਕ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਦਾ ਵਜ਼ਨ 52 ਗ੍ਰਾਮ ਮਾਲੂਮ ਹੋਇਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤੁਰੰਤ ਥਾਰ ਚਾਲਕ ਸੁਰਜੀਤ ਸਿੰਘ ਵਾਸੀ ਪਿੰਡ ਬੇਈਹਾਰਾ ਸ੍ਰੀ ਅਨੰਦਪੁਰ ਸਾਹਿਬ ਅਤੇ ਉਸ ਦੇ ਨਾਲ ਬੈਠੇ ਤਰੁਨ ਕੁਮਾਰ ਸ਼ਰਮਾ ਵਾਸੀ ਪਿੰਡ ਨਿਕੇਤਨ ਲਾਜਪਤ ਨਗਰ ਦਿੱਲੀ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21, 29, 61 ਅਤੇ 85 ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਮੌਕੇ ਤੋਂ ਗਿ੍ਫ਼ਤਾਰ ਕਰ ਲਿਆ | ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਵਲੋਂ ਵਰਤੋਂ ਕੀਤੀ ਗਈ ਪੀ. ਬੀ. 16 ਨੰਬਰੀ ਥਾਰ ਗੱਡੀ ਨੂੰ ਵੀ ਜਬਤ ਕਰ ਲਿਆ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਉਹ ਆਈਸ ਡਰੱਗ ਨੋਇਡਾ ਤੋਂ ਪੰਜਾਬ ਵਿਖੇ ਵੇਚਣ ਲਈ ਲਿਆਏ ਸਨ | ਉਨ੍ਹਾਂ ਦੱਸਿਆ ਕਿ ਆਈਸ (ਮੈਥੇਮਫੈਟਾਮਾਇਨ) ਇਕ ਪਾਰਟੀ ਡਰੱਗ ਹੈ ਤੇ ਆਮ ਤੌਰ 'ਤੇ ਨਸ਼ਾ ਪੀੜਤਾਂ ਵਲੋਂ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿ੍ਸਟਲ ਰੂਪ ਵਿਚ ਮਿਲੇ ਇਸ ਨਸ਼ੀਲੇ ਪਦਾਰਥ ਦਾ ਵਿਸ਼ਲੇਸ਼ਣ ਕਰਨ ਲਈ ਫੋਰੈਂਸਿਕ ਸਾਇੰਸ ਲੈਬ ਨੂੰ ਇਕ ਨਮੂਨਾ ਭੇਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਖੇ ਪੇਸ਼ ਕੀਤੇ ਜਾਣ 'ਤੇ ਇਲਾਕਾ ਮੈਜਿਸਟ੍ਰੇਟ ਵਲੋਂ ਉਨ੍ਹਾਂ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |
ਪਿਛਲੀ ਖ਼ਬਰ ਸੜਕ 'ਤੇ ਖੜ੍ਹੇ ਟਿੱਪਰ ਕਰਕੇ ਵਾਪਰਿਆ ਹਾਦਸਾ, 2 ਕਾਰਾਂ ਨੁਕਸਾਨੀਆਂ ਤੇ ਇਕ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਸੁਸਾਇਟੀ ਦੇ ਗੇਟ 'ਤੇ ਐਂਟਰੀ ਨੂੰ ਲੈ ਕੇ ਨੌਜਵਾਨਾਂ ਨੇ ਕੀਤੀ ਸੁਰੱਖਿਆ ਗਾਰਡ ਦੀ ਕੁੱਟਮਾਰ, ਹਸਪਤਾਲ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।