ਜ਼ੀਰਕਪੁਰ, 14 ਜੁਲਾਈ (ਮਨਿੰਦਰ ਸਿੰਘ)-ਬੀਤੀ ਰਾਤ ਲੋਹਗੜ੍ਹ ਵਿਚ ਪੈਂਦੀ ਸਿਗਮਾ ਸਿਟੀ-2 ਸੁਸਾਇਟੀ ਵਿਚ ਕੁਝ ਨੌਜਵਾਨਾਂ ਵਲੋਂ ਸੁਸਾਇਟੀ ਦੇ ਗੇਟ 'ਤੇ ਖੜ੍ਹੇ ਸੁਰੱਖਿਆ ਗਾਰਡ ਨਾਲ ਕੁੱਟਮਾਰ ਕੀਤੀ ਤੇ ਫ਼ਰਾਰ ਹੋ ਗਏ | ਇਸ ਕੁੱਟਮਾਰ ਵਿਚ ਸੁਸਾਇਟੀ ਦਾ ਸੁਰੱਖਿਆ ਗਾਰਡ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਢਕੌਲੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਕੁੱਟਮਾਰ ਦੀ ਇਹ ਪੂਰੀ ਘਟਨਾ ਸੁਸਾਇਟੀ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ | ਇਸ ਤੋਂ ਬਾਅਦ ਸਥਾਨਕ ਵਸਨੀਕਾਂ ਨੇ ਪੁਲਿਸ ਹੈਲਪਲਾਈਨ 'ਤੇ ਕਾਲ ਕੀਤੀ ਅਤੇ ਥਾਣੇ ਵਿਚ ਜਾ ਕੇ ਆਪਣੀ ਸ਼ਿਕਾਇਤ ਦਿੱਤੀ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੁਰੱਖਿਆ ਗਾਰਡ ਪ੍ਰੇਮ ਸਿੰਘ ਵਾਸੀ ਪਿੰਡ ਨਾਭਾ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲਾਂ ਤੋਂ ਸਿਗਮਾ ਸਿਟੀ 2 ਵਿਚ ਬਤੌਰ ਸੁਰੱਖਿਆ ਗਾਰਡ ਕੰਮ ਕਰ ਰਿਹਾ ਹੈ | ਉਸ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੋ ਕਰੀਬ ਦੋ ਮੋਟਰਸਾਈਕਲ ਸਵਾਰ ਆਏ, ਜਿਨ੍ਹਾਂ ਨੂੰ ਉਸ ਨੇ ਐਂਟਰੀ ਕਰਵਾਉਣ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਬਿਨਾਂ ਰੁਕੇ ਅੰਦਰ ਚਲੇ ਗਏ | 15 ਮਿੰਟ ਬਾਅਦ ਜਦੋਂ ਉਕਤ ਨੌਜਵਾਨ ਵਾਪਸ ਆਏ ਤਾਂ ਉਸ ਨੇ ਉਨ੍ਹਾਂ ਨੂੰ ਐਂਟਰੀ ਬਾਰੇ ਪੁੱਛਿਆ | ਇਸ 'ਤੇ ਉਹ ਉਸ ਨਾਲ ਝਗੜਾ ਕਰਨ ਲੱਗ ਪਏ ਤੇ ਉਨ੍ਹਾਂ ਨੇ ਫ਼ੋਨ ਕਰਕੇ ਆਪਣੇ ਤਿੰਨ ਹੋਰਨਾਂ ਸਾਥੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਆਉਂਦੇ ਸਾਰ ਉਸ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਪ੍ਰੇਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ | ਰੌਲਾ ਪੈਣ ਤੇ ਜਦੋਂ ਸਥਾਨਕ ਵਸਨੀਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਸਥਾਨਕ ਨਿਵਾਸੀਆਂ ਨੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਕਿ ਉਸ ਦੇ ਸਿਰ ਵਿਚ ਚਾਰ ਟਾਂਕੇ ਲਗਾਏ ਗਏ | ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਨਾਂ ਦੀ ਪੂਰੀ ਸੁਸਾਇਟੀ ਸੁਰੱਖਿਆ ਗਾਰਡ ਨਾਲ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਹਮਲਾਵਰ ਨੇੜੇ ਹੀ ਕਿਧਰੇ ਰਹਿੰਦੇ ਹਨ, ਜਿਨ੍ਹਾਂ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ | ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਕਿਸੇ ਮਾਮਲੇ ਨੂੰ ਲੈ ਕੇ ਅਦਾਲਤ ਵਿਚ ਆਏ ਹੋਏ ਹਨ ਅਤੇ ਇਥੋਂ ਜਾ ਕੇ ਸੁਰੱਖਿਆ ਗਾਰਡ ਦੇ ਬਿਆਨ ਦਰਜ ਕਰਨਗੇ |