24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਿਗਮ ਹਾਊਸ ਦੀ ਮੀਟਿੰਗ ਦੌਰਾਨ ਕਰਮਚਾਰੀ ਯੂਨੀਅਨ ਦਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 27-12-2025
ਲੁਧਿਆਣਾ, 26 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਨਿਗਮ ਕਰਮਚਾਰੀ ਯੂਨੀਅਨ ਤੇ ਨਿਊ ਵਾਲਮੀਕਿ ਏਕਤਾ ਸੰਘ ਵਲੋਂ ਸੂਬਾ ਸਰਕਾਰ ਤੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਯੂਨੀਅਨ ਆਗੂ ਨਰੇਸ਼ ਧੀਂਗਾਨ ਅਤੇ ਓਮਪਾਲ ਚੰਡਾਲਿਆ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਡਾ. ਅੰਬੇਡਕਰ ਭਵਨ ਦਾ ਮੁੱਖ ਗੇਟ ਲਗਭਗ ਚਾਰ ਘੰਟੇ ਤਕ ਬੰਦ ਰੱਖ ਕੇ ਸਰਕਾਰ ਦੀ ਕਥਿਤ ਬੇਰੁਖ਼ੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨ ਦੀ ਸ਼ੁਰੂਆਤ ਜ਼ੋਨ ਏ. ਵਿਚ ਗੇਟ ਰੈਲੀ ਨਾਲ ਹੋਈ, ਜਿੱਥੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੰੂ ਲੰਮੇ ਸਮੇਂ ਤੋ ਅਣਡਿੱਠਾ ਕਰਨ ਦੇ ਦੋਸ਼ ਲਗਾਏ | ਇਸ ਉਪਰੰਤ ਕਰਮਚਾਰੀਆਂ ਵਲੋਂ ਲੋਕਲ ਬਾਡੀ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੋਨ ਡੀ. ਤਾੋ ਡਾ. ਅੰਬੇਡਕਰ ਭਵਨ ਤਕ ਰੋਸ ਮਾਰਚ ਕੱਢਿਆ, ਜਿੱਥੇ ਨਗਰ ਹਾਊਸ ਦੀ ਮੀਟਿੰਗ ਚੱਲ ਰਹੀ ਸੀ | ਯੂਨੀਅਨ ਆਗੂ ਨਰੇਸ਼ ਧੀਂਗਾਨ ਨੇ ਕਿਹਾ ਕਿ ਬਾਰ-ਬਾਰ ਮੰਗ ਪੱਤਰ ਅਤੇ ਯਾਦ ਪੱਤਰ ਦੇਣ ਦੇ ਬਾਵਜੂਦ ਵੀ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਤਿੰਨ ਸਾਲ ਪਹਿਲਾਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੰੂ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਕਰੀਬ 800 ਤੋਂ ਜ਼ਿਆਦਾ ਮੁਲਾਜ਼ਮ ਓਵਰਏਜ ਹੋਣ ਕਾਰਨ ਅਜੇ ਤਕ ਪੱਕੇ ਨਹੀਂ ਕੀਤੇ ਗਏ | ਇਸਤੋਂ ਇਲਾਵਾ ਮਾਲੀ, ਡਰਾਈਵਰ ਅਤੇ ਬੇਲਦਾਰ ਵਰਗੇ ਕਈ ਹੋਰ ਕਰਮਚਾਰੀਆਂ ਨੰੂ ਵੀ ਰੈਗੂਲਰ ਨਹੀਂ ਕੀਤਾ ਗਿਆ | ਯੂਨੀਅਨ ਨੇ ਆਮ ਆਦਮੀ ਪਾਰਟੀ 'ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋ ਮੁੱਕਰਨ ਦੇ ਦੋਸ਼ ਵੀ ਲਗਾਏ | ਆਗੂਆਂ ਦਾ ਕਹਿਣਾ ਸੀ ਕਿ ਠੇਕੇਦਾਰੀ ਪ੍ਰਥਾ ਖ਼ਤਮ ਕਰਨ ਅਤੇ ਸਿੱਧੀ ਰੈਗੂਲਰ ਭਰਤੀ ਦੇ ਵਾਅਦੇ ਠੇਕੇਦਾਰੀ ਪ੍ਰਥਾ ਹੇਠ ਭਰਤੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕਰਮਚਾਰੀ ਵਰਗ ਨਾਲ ਖੁੱਲ੍ਹੀ ਬੇਇਨਸਾਫ਼ੀ ਹੈ | ਪ੍ਰਦਰਸ਼ਨ ਦੌਰਾਨ ਕੂੜਾ ਪ੍ਰਬੰਧਨ ਨੰੂ ਲੈਕੇ ਵੀ ਗੰਭੀਰ ਦੋਸ਼ ਲਗਾਏ ਗਏ | ਆਗੂਆਂ ਨੇ ਕਿਹਾ ਕਿ ਡੋਰ ਟੂ ਡੋਰ ਕੂੜਾ ਚੁੱਕਣ ਦਾ ਕੰਮ, ਜੋ ਸਾਲਾਂ ਤੋ ਵਾਲਮੀਕਿ ਸਮਾਜ ਕਰਦਾ ਆ ਰਿਹਾ ਸੀ | ਉਸ ਨੰੂ ਬੰਦ ਕਰਕੇ ਪ੍ਰਾਈਵੇਟ ਕੰਪਨੀ ਨੰੂ ਸੌਂਪਿਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਡੰਪਿੰਗ ਪੁਆਇੰਟਾਂ ਦੀ ਹਾਲਤ ਬਹੁਤ ਖ਼ਰਾਬ ਹੈ, ਜਿਸ ਕਾਰਨ ਕੂੜਾ ਲਿਜਾਉਣ ਵਾਲੀਆਂ ਰੇਹੜੀਆਂ ਦੀਆਂ ਲੰਮੀਆਂ ਲਾਈਨਾਂ ਲੱਗਦੀਆਂ ਹਨ | ਯੂਨੀਅਨ ਦੀ ਮੰਗ ਹੈ ਕਿ ਕੂੜਾ ਚੁੱਕਣ ਦਾ ਕੰਮ ਨਿੱਜੀ ਕੰਪਨੀਆਂ ਨੰੂ ਦੇਣ ਦੀ ਥਾਂ ਸਰਕਾਰੀ ਪ੍ਰਬੰਧ ਹੇਠ ਹੀ ਕੀਤਾ ਜਾਵੇ ਅਤੇ ਪੂਰੇ ਜ਼ਿਲੇ੍ਹ ਵਿਚ ਹਰ ਦੋ ਵਾਰਡਾਂ ਲਈ ਵੱਖਰੇ ਡੰਪਿੰਗ ਪੁਆਇੰਟ ਬਣਾਏ ਜਾਣ | ਇਸ ਤੋਂ ਇਲਾਵਾ ਯੂਨੀਅਨ ਨੇ ਮੰਗ ਕੀਤੀ ਕਿ ਜਿਨ੍ਹਾਂ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਵਾਰਿਸਾਂ ਨੰੂ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਅਤੇ ਨਿਗਮ ਹਾਊਸ ਵਿਚ ਪਾਸ ਕੀਤੇ ਗਏ ਮਤਾ ਨੰਬਰ 23 ਦੀਆਂ ਮੰਗਾਂ ਨੰੂ ਤੁਰੰਤ ਲਾਗੂ ਕੀਤਾ ਜਾਵੇ | ਲਗਭਗ ਚਾਰ ਘੰਟੇ ਤਕ ਚਲੇ ਇਕ ਰੋਸ ਪ੍ਰਦਰਸ਼ਨ ਤੋ ਬਾਅਦ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਵਲੋਂ ਕਰਮਚਾਰੀ ਜਥੇਬੰਦੀਆਂ ਦੇ ਆਗੂਆਂ ਨੰੂ ਮੀਟਿੰਗ ਲਈ ਬੁਲਾਇਆ ਗਿਆ ਤੇ ਮੁੱਖ ਮੰਤਰੀ ਦੇ ਨਾਮ 'ਤੇ ਮੰਗ ਪੱਤਰ ਵੀ ਲਿਆ ਗਿਆ | ਕਮਿਸ਼ਨਰ ਵਲੋਂ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ 29 ਜਨਵਰੀ ਨੰੂ ਮੀਟਿੰਗ ਬੁਲਾ ਕੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਕੀਤਾ ਜਾਵੇਗਾ | ਪ੍ਰਦਰਸ਼ਨ ਦੌਰਾਨ ਵਿੱਕੀ ਰਹੇਲਾ, ਰਾਜਵੀਰ ਚੌਟਾਲਾ, ਅਜੇਪਾਲ ਦਿਸਾਵਰ, ਵਰੁਣ ਰਾਜ, ਰਵੀ ਮਤੰਗ, ਸੁਭਾਸ਼ ਸੌਦੇ, ਸੁਮਿਤ ਚੌਟਾਲਾ, ਐਡਵੋਕੇਟ ਅਰਜੁਨ ਧੀਂਗਾਨ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਆਗੂ ਅਤੇ ਮੁਲਾਜ਼ਮ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ 'ਚ 112 ਪਿੰਡ ਸ਼ਾਮਿਲ ਕਰਨ ਦਾ ਪ੍ਰਸਤਾਵ ਪਾਸ ਅਗਲੀ ਖ਼ਬਰ ਪੀ.ਏ.ਯੂ. ਵਿਖੇ ਡਿਜੀਟਲ ਖੇਤੀ ਦੀ ਦਿਸ਼ਾ ਤੈਅ ਕਰਦੀ ਕਿਤਾਬ ਹੋਈ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।