ਲੁਧਿਆਣਾ, 19 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸ਼ਾਸਤਰੀ ਨਗਰ ਦੇ ਬੀ ਬਲਾਕ ਦੇ ਦੁਕਾਨਦਾਰ ਨਗਰ ਨਿਗਮ ਨੰੂ ਖੁਲ੍ਹੀ ਚੁਣੌਤੀ ਦੇ ਰਹੇ ਹਨ | ਜਦਕਿ ਨਿਗਮ ਉਨ੍ਹਾਂ ਦੀ ਮਰਜ਼ੀ ਮੁਤਾਬਕ ਚੱਲ ਰਹੀਆਂ ਉਲੰਘਣਾਵਾਂ ਨੂੰ ਮੂਕ ਦਰਸ਼ਕ ਬਣਕੇ ਦੇਖ ਰਿਹਾ ਹੈ | ਇਸ ਰਿਹਾਇਸ਼ੀ ਇਲਾਕੇ ਵਿਚ ਤਿੰਨ ਦੁਕਾਨਦਾਰ ਨਿਯਮਾਂ ਦੇ ਉਲਟ ਦੁਕਾਨਾਂ ਚਲਾ ਰਹੇ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਨਿਵਾਸੀਆਂ ਵਲੋਂ ਕੀਤੀਆਂ ਸ਼ਿਕਾਇਤਾਂ 'ਤੇ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਵਲੋਂ ਕੁੱਝ ਦਿਨ ਪਹਿਲਾਂ ਇਨ੍ਹਾਂ ਤਿੰਨਾਂ ਦੁਕਾਨਾਂ ਨੰੂ ਸੀਲ ਕਰ ਦਿੱਤਾ ਸੀ | ਪਰ ਦੁਕਾਨਦਾਰਾਂ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ, ਆਪ ਮੁਹਾਰੇ ਦਕਾਨਾਂ ਦੀਆਂ ਸੀਲਾਂ ਤੋੜ ਦਿੱਤੀਆਂ ਤੇ ਆਪਣਾ ਧੰਦਾ ਕਰਨ ਲੱਗ ਪਏ | ਸਥਾਨਕ ਨਿਵਾਸੀਆਂ ਅਨੁਸਾਰ ਇਸ ਤੋਂ ਪਹਿਲਾਂ ਵੀ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਉਕਤ ਦੁਕਾਨਾਂ ਨੰੂ ਸੀਲ ਕੀਤਾ ਸੀ | ਉਸ ਸਮੇਂ ਵੀ ਦੁਕਾਨਦਾਰਾਂ ਵਲੋਂ ਆਪ ਮੁਹਾਰੇ ਦੁਕਾਨਾਂ ਦੀਆਂ ਸੀਲਾਂ ਤੋੜ ਦਿੱਤੀਆਂ ਗਈਆਂ ਸਨ | ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਨਿਗਮ ਵਲੋਂ ਇਹ ਕਾਰਵਾਈ ਕੇਵਲ ਖਾਨਾਪੂਰਤੀ ਲਈ ਹੀ ਕੀਤੀ ਜਾਂਦੀ ਹੈ |