ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਪੁਲਿਸ ਕਮਿਸ਼ਨਰ ਨੂੰ ਚਾਰ ਪੁਲਿਸ ਮੁਲਾਜ਼ਮਾਂ ਪੁਲਿਸ ਡਿਵੀਜ਼ਨ ਨੰਬਰ 8 ਦੇ ਦੋ ਸਾਬਕਾ ਐਸ.ਐਚ.ਓ. ਇੰਸਪੈਕਟਰ ਦਵਿੰਦਰ ਸ਼ਰਮਾ ਅਤੇ ਇੰਸਪੈਕਟਰ ਬਲਵਿੰਦਰ ਕੌਰ, ਘੁਮਾਰ ਮੰਡੀ ਪੁਲਿਸ ਚੌਂਕੀ ਦੇ ਸਾਬਕਾ ਇੰਚਾਰਜ ਏ.ਐਸ.ਆਈ. ਬਲਬੀਰ ਸਿੰਘ ਅਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਨੇ ਨਿਆਂਇਕ ਨਿਰਦੇਸ਼ਾਂ ਦੀ ਕਥਿਤ ਤੌਰ 'ਤੇ ਪਾਲਣਾ ਨਹੀਂ ਕੀਤੀ | ਇਹ ਮਾਮਲਾ ਸਾਲ 2008 ਵਿਚ ਦਰਜ ਕੀਤੀ ਗਈ ਜਾਅਲਸਾਜ਼ੀ ਐਫ.ਆਈ.ਆਰ. ਦੀ 'ਗੁੰਮ' ਫਾਈਲ ਨਾਲ ਜੁੜਿਆ ਹੋਇਆ ਹੈ | ਜਿਵੇਂ ਹੀ ਗੁੰਮ ਹੋਈ ਫਾਈਲ ਦਾ ਮਾਮਲਾ ਅਦਾਲਤ ਵਿਚ ਪਹੁੰਚਿਆ, ਅਦਾਲਤ ਨੇ ਕੁੱਝ ਨਿਰਦੇਸ਼ ਦਿੱਤੇ, ਜਿਨ੍ਹਾਂ ਦੀ ਅਧਿਕਾਰੀਆਂ ਨੇ ਪਾਲਣਾ ਨਹੀਂ ਕੀਤੀ | ਸ਼ਿਕਾਇਤਕਰਤਾ ਡਾ. ਸੁਮਿਤ ਸੋਫਤ ਨੇ ਇਸ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚ ਕੀਤੀ ਸੀ ਅਤੇ ਹਾਈ ਕੋਰਟ ਨੇ ਲੁਧਿਆਣਾ ਦੀ ਇਕ ਅਦਾਲਤ ਨੂੰ ਇਸ ਮਾਮਲੇ ਵਿਚ ਸੁਣਵਾਈ ਕਰਨ ਲਈ ਕਿਹਾ | ਡਾ. ਸੋਫਤ ਨੇ ਦੱਸਿਆ ਕਿ ਉਨ੍ਹਾਂ ਨੇ 2008 ਵਿਚ ਘੁਮਾਰ ਮੰਡੀ ਪੁਲਿਸ ਚੌਂਕੀ ਵਿਖੇ ਲੁਧਿਆਣਾ ਦੇ ਇਕ ਪਰਿਵਾਰ ਵਿਰੁੱਧ ਐਫ.ਆਈ.ਆਰ. ਦਰਜ ਕਰਵਾਈ ਸੀ, ਜਿਸ ਦੇ ਰਾਜਨੀਤਿਕ ਸਬੰਧ ਹਨ, ਕਿਉਂਕਿ ਉਨ੍ਹਾਂ ਨੇ ਉਸ ਨਾਲ ਇਕ ਜਾਇਦਾਦ ਨੂੰ ਲੈ ਕੇ ਜਾਅਲਸਾਜ਼ੀ ਕੀਤੀ ਸੀ | ਸਬ ਇੰਸਪੈਕਟਰ ਦੇਸਰਾਜ, ਜੋ ਘੁਮਾਰ ਮੰਡੀ ਪੁਲਿਸ ਚੌਂਕੀ ਦੇ ਇੰਚਾਰਜ ਸਨ, ਜਾਂਚ ਅਧਿਕਾਰੀ ਸਨ ਅਤੇ ਬਾਅਦ ਵਿਚ ਡੀ.ਐਸ.ਪੀ. ਵਜੋਂ ਸੇਵਾਮੁਕਤ ਹੋ ਗਏ | ਇਸ ਦੌਰਾਨ ਐਫ.ਆਈ.ਆਰ. ਦੀ ਫਾਈਲ ਡਿਵੀਜ਼ਨ ਨੰਬਰ 5 ਪੁਲਿਸ ਸਟੇਸ਼ਨ ਤੋਂ ਗਾਇਬ ਹੋ ਗਈ ਸੀ, ਕਿਉਂਕਿ ਪਹਿਲਾਂ ਘੁਮਾਰ ਮੰਡੀ ਪੁਲਿਸ ਚੌਂਕੀ ਡਿਵੀਜ਼ਨ ਨੰਬਰ 5 ਪੁਲਿਸ ਸਟੇਸ਼ਨ ਅਧੀਨ ਸੀ, ਜੋ ਬਾਅਦ ਵਿਚ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਅਧੀਨ ਆ ਗਈ | ਜਿਵੇਂ ਹੀ ਇਹ ਮਾਮਲਾ ਅਦਾਲਤ ਤੱਕ ਪਹੁੰਚਿਆ, ਅਦਾਲਤ ਨੇ ਕੁੱਝ ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਵਿਚ ਸ਼ਾਮਿਲ ਸਨ - ਸਬੰਧਿਤ ਦੋਸ਼ੀ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਜਾਂਚ ਕਰਵਾਉਣਾ, ਇਸ ਤੋਂ ਇਲਾਵਾ ਗੁੰਮ ਹੋਈ ਐਫ.ਆਈ.ਆਰ. ਦੀ ਫਾਈਲ ਨੂੰ ਮੁੜ ਤੋਂ ਬਣਾਉਣਾ ਸੀ, ਇਸ ਤੋਂ ਇਲਾਵਾ ਪਹਿਲਾਂ ਤੋਂ ਹੀ ਦਰਜ ਮੁਲਜ਼ਮਾਂ ਵਿਰੁੱਧ ਸਬੂਤਾਂ ਦੇ ਕਥਿਤ ਗਾਇਬ ਹੋਣ ਸੰਬੰਧੀ ਅਪਰਾਧ ਜੋੜਨਾ ਅਤੇ ਆਈ.ਪੀ.ਸੀ. ਦੀ ਧਾਰਾ 409 (ਜਨਤਕ ਸੇਵਕ ਦੁਆਰਾ ਅਪਰਾਧਿਕ ਵਿਸ਼ਵਾਸਘਾਤ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਅਪਰਾਧ ਕਰਨ ਲਈ ਐਸ.ਆਈ. ਦੇਸਰਾਜ ਵਿਰੁੱਧ ਕੇਸ ਦਰਜ ਕਰਨਾ ਸ਼ਾਮਿਲ ਸੀ, ਪਰ ਅਧਿਕਾਰੀਆਂ ਨੇ ਅਜਿਹਾ ਨਹੀਂ ਕੀਤਾ, ਜਿਸ 'ਤੇ ਅਦਾਲਤ ਵਲੋਂ ਉਕਤ ਹੁਕਮ ਜਾਰੀ ਕਰ ਦਿੱਤੇ ਗਏ |