ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦਰੇਸੀ ਇਲਾਕੇ ਵਿਚ ਹੌਜ਼ਰੀ ਵਪਾਰੀ ਦੀ ਦਲੇਰੀ ਸਦਕਾ ਦੋ ਲੁਟੇਰੇ ਆਪਣੇ ਲੁੱਟ ਦੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ ਪਰ ਲੁਟੇਰਿਆਂ ਵਲੋਂ ਕੀਤੀ ਗਈ ਇਸ ਹਰਕਤ ਕਾਰਨ ਵਪਾਰੀਆਂ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਘਟਨਾ ਬੀਤੀ ਦੇਰ ਸ਼ਾਮ ਉਸ ਵਾਪਰੀ, ਜਦੋਂ ਦਰੇਸੀ ਇਲਾਕੇ ਵਿਚ ਸਥਿਤ ਸ਼ਿਮਲਾ ਗਾਰਮੈਂਟਸ ਵਿਚ ਦੋ ਲੁਟੇਰੇ ਸੁਰੱਖਿਆ ਮੁਲਾਜ਼ਮ ਨੂੰ ਧੱਕਾ ਦੇ ਕੇ ਹੌਜ਼ਰੀ ਅੰਦਰ ਦਾਖਲ ਹੋਏ | ਉਸ ਵਕਤ ਉਹ ਮਾਲਕ ਹਰਪ੍ਰੀਤ ਆਪਣੇ ਦਫ਼ਤਰ ਵਿਚ ਬੈਠਾ ਸੀ | ਇਸ ਦੌਰਾਨ ਲੁਟੇਰਿਆਂ ਵਲੋਂ ਉਥੇ ਲੁੱਟ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਹੌਜ਼ਰੀ ਮਾਲਕ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰੇ ਉਸ ਨਾਲ ਉਲਝ ਪਏ ਅਤੇ ਉਸ ਨੰੂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ | ਉਨ੍ਹਾਂ ਦੀ ਆਵਾਜ਼ ਸੁਣ ਕੇ ਹੋਰ ਮੁਲਾਜ਼ਮ ਵੀ ਉਥੇ ਆ ਗਏ, ਜਿਸ 'ਤੇ ਇਹ ਲੁਟੇਰੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਲੁਟੇਰਿਆਂ ਵਲੋਂ ਕੀਤੀ ਗਈ ਇਹ ਹਰਕਤ ਉਥੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਇਸ ਘਟਨਾ ਕਾਰਨ ਉਹ ਵਪਾਰੀਆਂ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਦ ਕਿ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ |