ਲੁਧਿਆਣਾ, 7 ਨਵੰਬਰ (ਜਤਿੰਦਰ ਭੰਬੀ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਉਦਯੋਗਿਕ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੂੰ ਇਕ ਪੱਤਰ ਲਿਖ ਕੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬਿਨਾਂ ਕਿਸੇ ਦੇਰੀ ਦੇ ਖੋਲ੍ਹਣ ਦੀ ਬੇਨਤੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕਈ ਸਮਾਂ-ਸੀਮਾਵਾਂ ਪਾਰ ਕਰ ਜਾਣ ਕਰਕੇ ਆਮ ਲੋਕਾਂ ਤੇ ਵਪਾਰਕ ਭਾਈਚਾਰੇ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਨਾਲ ਉਦਯੋਗਿਕ ਸ਼ਹਿਰ ਲੁਧਿਆਣਾ ਲਈ ਬਹੁਤ ਵੱਡਾ ਫ਼ਾਇਦਾ ਹੋਵੇਗਾ | ਦੀਵਾਨ ਨੇ ਕਿਹਾ ਕਿ ਸਿਵਲ ਟਰਮੀਨਲ ਲੁਧਿਆਣਾ ਦੇ ਵਪਾਰਕ ਭਾਈਚਾਰੇ ਦੀ ਇੱਕ ਦਹਾਕੇ ਪੁਰਾਣੀ ਮੰਗ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਸੀ, ਜਿਸ ਦੇ ਖੋਲ੍ਹਣ ਵਿਚ ਦੇਰੀ ਰੜਕ ਰਹੀ ਹੈ | ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੀ ਸਮਾਂ-ਸੀਮਾ ਕਈ ਵਾਰ ਵਧਾਈ ਜਾਣ ਕਾਰਨ ਉਦਯੋਗਪਤੀ ਦੁਚਿੱਤੀ ਵਿਚ ਫਸੇ ਹੋਏ ਹਨ ਅਤੇ ਹਰ ਮਹੀਨੇ ਦੇਰੀ ਨਾਲ ਉਦਯੋਗਪਤੀਆਂ ਨੂੰ ਨਾ ਸਿਰਫ਼ ਪੈਸੇ, ਸਗੋਂ ਗਲੋਬਲ ਪਾਰਟਨਰਾਂ ਦੀ ਭਰੋਸੇਯੋਗਤਾ ਦਾ ਨੁਕਸਾਨ ਹੁੰਦਾ ਹੈ |