24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਉਦਯੋਗਿਕ ਨਗਰੀ 'ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਪੈ ਰਿਹਾ ਹੈ ਉਦਯੋਗਾਂ 'ਤੇ ਮਾੜਾ ਅਸਰ

ਫੋਕਲ ਪੁਆਇੰਟ ਨੂੰ ਜਾਂਦੀ ਸੜਕ ਦੇ ਕਿਨਾਰੇ ਕੂੜੇ ਨੂੰ ਲਗਾਈ ਗਈ ਅੱਗ | ਅਜੀਤ ਤਸਵੀਰਾਂ
ਫੋਕਲ ਪੁਆਇੰਟ ਨੂੰ ਜਾਂਦੀ ਜੀਵਨ ਨਗਰ ਰੋਡ ਦੇ ਕਿਨਾਰੇ 'ਤੇ ਪਈ ਗੰਦਗੀ ਦਾ ਦਿ੍ਸ਼ |
08-11-2025

ਲੁਧਿਆਣਾ, 7 ਨਵੰਬਰ (ਜਤਿੰਦਰ ਭੰਬੀ)-ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਦਯੋਗਪਤੀ ਅਤੇ ਕਾਰੋਬਾਰੀ ਆਪਣੇ ਉਦਯੋਗਾਂ ਰਾਹੀਂ ਅਹਿਮ ਯੋਗਦਾਨ ਦਿੰਦੇ ਰਹਿੰਦੇ ਹਨ | ਪੰਜਾਬ ਸਰਕਾਰ ਵੀ ਸਮੇਂ-ਸਮੇਂ 'ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਦਮਗਜੇ ਇਨ੍ਹਾਂ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੇ ਦਮ 'ਤੇ ਮਾਰਦੀ ਰਹਿੰਦੀ ਹੈ, ਪਰ ਜਦੋਂ ਗੱਲ ਇਨ੍ਹਾਂ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਬਿਹਤਰ ਸਹੂਲਤਾਂ, ਪੱਕੀਆਂ ਸੜਕਾਂ, ਪਾਰਕਾਂ ਦੀ ਆਉਂਦੀ ਹੈ ਤਾਂ ਸਰਕਾਰ ਅਤੇ ਪ੍ਰਸ਼ਾਸਨ ਬੁਰੀ ਤਰ੍ਹਾਂ ਫ਼ੇਲ੍ਹ ਨਜ਼ਰ ਆਉਂਦੇ ਹਨ | ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਦੀ ਕੁੱਝ ਅਜਿਹੀ ਹੀ ਤਸਵੀਰ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਫੋਕਲ ਪੁਆਇੰਟ 'ਚ ਦੇਖਣ ਨੂੰ ਮਿਲਦੀ ਹੈ, ਜਿੱਥੇ ਸੜਕਾਂ ਉਪਰ ਹੋਏ ਨਾਜਾਇਜ਼ ਕਬਜ਼ੇ ਅਤੇ ਗ੍ਰੀਨ ਬੈਲਟ 'ਚ ਲੱਗੇ ਕੂੜੇ ਦੇ ਢੇਰ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਸਾਫ਼ ਬਿਆਨਦੇ ਹੋਏ ਵਿਖਾਈ ਦਿੰਦੇ ਹਨ | ਇਨ੍ਹਾਂ ਗੰਦਗੀ ਦੇ ਢੇਰਾਂ 'ਤੇ ਜਿੱਥੇ ਆਵਾਰਾ ਪਸ਼ੂ ਮੂੰਹ ਮਾਰਦੇ ਹਨ, ਉਥੇ ਹੀ ਕੁਝ ਲੋਕਾਂ ਵਲੋਂ ਅੱਗ ਲੱਗਾ ਕੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਸਾਹ ਲੈਣ 'ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜੇਕਰ ਫੋਕਲ ਪੁਆਇੰਟ ਦੇ ਜੀਵਨ ਨਗਰ ਰੋਡ ਦੀ ਗੱਲ ਕੀਤੀ ਜਾਵੇ ਤਾਂ ਫੋਕਲ ਪੁਆਇੰਟ ਨੂੰ ਜਾਣ ਵਾਲੀ ਇਸ ਮੁੱਖ ਸੜਕ ਦੇ ਦੋਵੇਂ ਪਾਸੇ ਜਿੱਥੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਉਥੇ ਹੀ ਥਾਂ-ਥਾਂ ਲੱਗੇ ਕੂੜੇ ਦੇ ਢੇਰ ਸਫ਼ਾਈ ਪ੍ਰਬੰਧਾਂ ਅਤੇ ਸਫ਼ਾਈ ਮੁਹਿੰਮਾਂ ਦੀ ਸਚਾਈ ਨੂੰ ਵੀ ਸਾਹਮਣੇ ਰੱਖਦੇ ਹਨ | ਸ਼ਹਿਰ 'ਚ ਦਰਜਨਾਂ ਸਟੈਟਿਕ ਕੰਪੈਕਟਰ ਬਣੇ ਹੋਣ ਦੇ ਬਾਵਜੂਦ ਵੀ ਨੇੜਲੇ ਰਿਹਾਇਸ਼ੀ ਇਲਾਕਿਆਂ ਦਾ ਕੂੜਾ ਜੀਵਨ ਨਗਰ ਰੋਡ ਦੇ ਦੋਵੇਂ ਪਾਸੇ ਖਿਲਰਿਆ ਜਾਂ ਢੇਰਾਂ ਦੇ ਰੂਪ 'ਚ ਪਿਆ ਹੋਇਆ ਮਿਲਦਾ ਹੈ | ਇਹ ਕੂੜਾ ਉਦਯੋਗਿਕ ਇਲਾਕੇ ਫੋਕਲ ਪੁਆਇੰਟ ਦੀਆਂ ਉਦਯੋਗਿਕ ਇਕਾਈਆਂ 'ਚ ਕੰਮ ਕਰਨ ਲਈ ਜਾਣ ਵਾਲੇ ਵਰਕਰਾਂ, ਦਫ਼ਤਰੀ ਅਮਲੇ ਅਤੇ ਉਦਯੋਗਪਤੀਆਂ ਦੀ ਸਿਹਤ ਲਈ ਭਿਆਨਕ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਤੇ ਇਸ ਕੂੜੇ ਤੋਂ ਉਠਦੀ ਬਦਬੂ ਕਾਰਨ ਆਸ-ਪਾਸ ਦੇ ਲੋਕਾਂ ਦਾ ਜੀਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ |
ਗੰਦਗੀ ਦੇ ਢੇਰਾਂ ਕਾਰਨ ਉਦਯੋਗਾਂ ਨੂੰ ਪੈਂਦੀ ਹੈ ਮਾਰ-ਗੁਰਪ੍ਰੀਤ ਸਿੰਘ ਕਾਹਲੋਂ
ਫੋਕਲ ਪੁਆਇੰਟ 'ਚ ਲੱਗੇ ਗੰਦਗੀ ਦੇ ਢੇਰਾਂ ਬਾਰੇ ਆਟੋ ਪਾਰਟਸ ਮੈਨੂੰਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲੋਂ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੰਦਗੀ ਦੇ ਇਨ੍ਹਾਂ ਢੇਰਾਂ ਦੀ ਮਾਰ ਉਦਯੋਗਾਂ ਨੂੰ ਪੈਂਦੀ ਹੈ, ਕਿਉਂਕਿ ਬਾਹਰ ਤੋਂ ਆਉਣ ਵਾਲੇ ਵਿਦੇਸ਼ੀ ਉਦਯੋਗਪਤੀ, ਕਾਰੋਬਾਰੀ ਅਤੇ ਤਕਨੀਕੀ ਮਾਹਿਰਾਂ ਸਾਹਮਣੇ ਸਥਾਨਕ ਉਦਯੋਗਪਤੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ | ਫੋਕਲ ਪੁਆਇੰਟ ਨੂੰ ਆਉਣ ਵਾਲੇ ਹਰ ਇਕ ਮੁੱਖ ਰਸਤੇ 'ਚ ਕੂੜੇ ਦੇ ਢੇਰ ਵਿਦੇਸ਼ੀ ਅਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਉਦਮੀਆਂ ਦੇ ਮਨਾਂ 'ਚ ਮਾੜਾ ਪ੍ਰਭਾਵ ਪਾਉਂਦੇ ਹਨ, ਜਿਸ ਕਾਰਨ ਉਦਯੋਗਾਂ 'ਤੇ ਮਾੜਾ ਅਸਰ ਪੈਂਦਾ ਹੈ | ਇਸ ਲਈ ਪੰਜਾਬ ਸਰਕਾਰ, ਪੀ.ਐਸ.ਆਈ.ਈ.ਸੀ. ਅਤੇ ਸਥਾਨਕ ਪ੍ਰਸ਼ਾਸਨ ਨੂੰ ਫੋਕਲ ਪੁਆਇੰਟ 'ਚ ਸਫ਼ਾਈ ਪ੍ਰਬੰਧਾਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ |
ਕੂੜੇ ਦੇ ਢੇਰਾਂ ਕਾਰਨ ਪਾਰਕਾਂ ਦੀ ਹਾਲਤ ਵੀ ਤਰਸਯੋਗ-ਗੁਰਪਰਗਟ ਸਿੰਘ ਕਾਹਲੋਂ
ਆਟੋ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਗੁਰਪਰਗਟ ਸਿੰਘ ਕਾਹਲੋਂ ਨੇ ਕਿਹਾ ਕਿ ਫੋਕਲ ਪੁਆਇੰਟ ਦੀਆਂ ਪਾਰਕਾਂ ਦੀ ਹਾਲਤ ਬੇਹੱਦ ਤਰਸਯੋਗ ਹੈ | ਪਾਰਕਾਂ ਦੇ ਬਾਹਰ ਅਤੇ ਅੰਦਰ ਕੂੜੇ ਦੇ ਲੱਗੇ ਢੇਰ ਪਾਰਕਾਂ ਦੀ ਦੁਰਦਸ਼ਾ ਨੂੰ ਬਿਆਨ ਕਰਦੇ ਹਨ | ਪਾਰਕਾਂ ਦੀ ਹੋਈ ਚਾਰ-ਦੀਵਾਰੀ ਸੁਰੱਖਿਆ ਦੀ ਥਾਂ ਕੂੜੇ ਦੇ ਢੇਰਾਂ ਦੀ ਢੋਈ ਬਣ ਰਹੀ ਹੈ | ਗੰਦਗੀ, ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਕੂੜੇ ਦੇ ਢੇਰ ਇਨ੍ਹਾਂ ਪਾਰਕਾਂ ਦੀ ਚਾਰਦੀਵਾਰੀ ਅਤੇ ਮੇਨ ਗੇਟ ਦੇ ਨੇੜੇ ਲੱਗੇ ਹੋਏ ਹਨ, ਜਿਨ੍ਹਾਂ ਵੱਲ ਨਗਰ ਨਿਗਮ ਦੀ ਸਫ਼ਾਈ ਸ਼ਾਖਾ ਦੀ ਨਜ਼ਰ ਨਹੀਂ ਜਾ ਰਹੀ | ਕੂੜੇ ਦੇ ਢੇਰਾਂ ਕਾਰਨ ਪਾਰਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ |

ਪਿਛਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਰਿਟਾਇਰ ਪੈਨਸ਼ਨਰਾਂ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ
ਅਗਲੀ ਖ਼ਬਰ ਡੇਂਗੂ ਦੇ ਮਾਮਲੇ ਲਗਾਤਾਰ ਵਧਣੇ ਜਾਰੀ, ਸਿਹਤ ਵਿਭਾਗ ਸੁੱਤਾ ਕੁੰਭਕਰਨੀ ਨੀਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।