ਲੁਧਿਆਣਾ, 21 ਜੁਲਾਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ''ਲੈਂਡ ਸਕੇਪਿੰਗ ਵਿਚ ਸਜਾਵਟੀ ਬੂਟਿਆਂ ਦੀ ਵਰਤੋਂ ਸਬੰਧੀ'' ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ | ਇਸ ਕੋਰਸ ਵਿਚ 29 ਸਿੱਖਿਆਰਥੀਆਂ ਨੇ ਭਾਗ ਲਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਲੈਂਡ ਸਕੇਪਿੰਗ ਵਿਚ ਸਜਾਵਟੀ ਬੂਟਿਆਂ ਦੀ ਵਰਤੋਂ ਸਬੰਧੀ ਜਾਗਰੂਕ ਕਰਨਾ ਹੈ | ਇਸ ਮੌਕੇ 'ਤੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਇਸ ਕੋਰਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਘਰਾਂ ਵਿਚ, ਖੇਤਾਂ ਵਿਚ, ਛੱਤਾਂ ਉੱਪਰ ਅਤੇ ਆਲੇ-ਦੁਆਲੇ ਲੈਂਡ ਸਕੇਪਿੰਗ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ | ਇਸ ਮੌਕੇ 'ਤੇ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਇਕ ਢੁਕਵਾਂ ਸਿਖਲਾਈ ਕੋਰਸ ਹੈ ਜਿਸ ਵਿਚ ਸਿੱਖਿਆਰਥੀ ਨਾ ਸਿਰਫ਼ ਲੈਂਡ ਸਕੇਪਿੰਗ ਸਬੰਧੀ ਜਾਣਕਾਰੀ ਪ੍ਰਾਪਤ ਕਰਦਾ ਹੈ, ਸਗੋਂ ਬਤੌਰ ਉਦਮੀ ਵਜੋਂ ਆਪਣੀ ਇਕ ਵਿਲੱਖਣ ਪਹਿਚਾਣ ਵੀ ਕਾਇਮ ਕਰ ਸਕਦਾ ਹੈ | ਡਾ. ਸਿਮਰਤ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿਚ ਫਲੋਰੀਕਲਚਰਲ ਅਤੇ ਲੈਂਡ ਸਕੇਪਿੰਗ ਵਿਭਾਗ ਦੇ ਵਿਸ਼ਾ ਮਾਹਿਰਾਂ ਡਾ. ਪਰਮਿੰਦਰ ਸਿੰਘ, ਡਾ. ਆਰ.ਕੇ. ਦੂਬੇ, ਡਾ. ਰਣਜੀਤ ਸਿੰਘ, ਡਾ. ਤਾਨੀਆ ਠਾਕੁਰ, ਡਾ. ਮਧੂ ਬਾਲਾ, ਡਾ. ਸ਼ਾਲਿਨੀ ਝਾਂਜੀ ਅਤੇ ਡਾ. ਅਮਨ ਸ਼ਰਮਾ ਨੇ ਵੱਖੋ-ਵੱਖਰੇ ਵਿਸ਼ਿਆਂ ਉਪਰ ਜਾਣਕਾਰੀ ਸਾਂਝੀ ਕੀਤੀ | ਅੰਤ ਵਿਚ ਡਾ. ਲਵਲੀਸ਼ ਗਰਗ ਨੇ ਸਾਰੇ ਸਿੱਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ |