ਲੁਧਿਆਣਾ, 21 ਜੁਲਾਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਨਿਗਮ ਦੇ ਜੋਨ ਏ ਵਿਖੇ ਬਣਾਈ ਮਲਟੀਸਟੋਰੀ ਪਾਰਕਿੰਗ ਦਾ ਲੰਬੇ ਚਿਰ ਤੋਂ ਮੰਦਾ ਹਾਲ ਹੈ, ਜਿਸ ਨੰੂ ਲੈ ਕੇ ਬੀਤੇ ਸਮੇਂ ਵਿਚ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਵਲੋਂ ਉਕਤ ਪਾਰਕਿੰਗ ਦਾ ਨਿਰੀਖਣ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਪਾਰਕਿੰਗ ਦੀ ਹਾਲਤ ਸੁਧਾਰਨ ਲਈ ਇਸ ਦੀ ਮੁਰੰਮਤ ਕਰਵਾਈ ਜਾਵੇਗੀ, ਜਿਸ ਲਈ ਡੇਢ ਕਰੋੜ ਰੁਪਏ ਖਰਚ ਕੀਤੇ ਜਾਣਗੇ, ਪਰ ਲੰਬਾ ਸਮਾਂ ਬੀਤ ਜਾਣ ਮਗਰੋਂ ਵੀ ਉਕਤ ਪਾਰਕਿੰਗ ਦੀ ਮੁਰੰਮਤ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਟੈਂਡਰ ਨਹੀਂ ਲਗਾਏ ਗਏ ਹਨ ਤੇ ਨਗਰ ਨਿਗਮ ਕਮਿਸ਼ਨਰ ਵਲੋਂ ਕੀਤਾ ਇਸ ਪਾਰਕਿੰਗ ਦਾ ਨਿਰੀਖਣ ਖਾਨਾਪੂਰਤੀ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ | ਜੇਕਰ ਨਗਰ ਨਿਗਮ ਉਕਤ ਪਾਰਕਿੰਗ ਦੀ ਮੁਰੰਮਤ ਕਰਵਾ ਕੇ ਇਸ ਨੰੂ ਨਵੇਂ ਸਿਰ ਤੋਂ ਪਾਰਕਿੰਗ ਠੇਕੇਦਾਰ ਨੰੂ ਦੇਵੇ ਤਾਂ ਨਗਰ ਨਿਗਮ ਨੰੂ ਇਸ ਤੋਂ ਆਰਥਿਕ ਲਾਭ ਹੋ ਸਕਦਾ ਹੈ, ਪਰ ਨਗਰ ਨਿਗਮ ਪ੍ਰਸ਼ਾਸਨ ਵਲੋਂ ਇਸ ਪਾਰਕਿੰਗ ਵੱਲ ਧਿਆਨ ਨਾ ਦੇ ਕੇ ਇਸ ਤੋਂ ਹੋਣ ਵਾਲੇ ਆਪਣੇ ਆਰਥਿਕ ਲਾਭ ਦੀ ਅਣਦੇਖੀ ਕੀਤੀ ਜਾ ਰਹੀ ਹੈ | ਜਿੱਥੇ ਉਕਤ ਪਾਰਕਿੰਗ ਨੰੂ ਲੈ ਕੇ ਠੇਕੇਦਾਰ ਦੀ ਰੇਟਾਂ ਨੰੂ ਲੈ ਕੇ ਕਥਿਤ ਤੌਰ 'ਤੇ ਮਨਮਰਜ਼ੀ ਚੱਲ ਰਹੀ ਹੈ, ਉਥੇ ਹੀ ਪਾਰਕਿੰਗ ਵਿਚਲੇ ਬਾਥਰੂਮ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਚੁੱਕੇ ਹਨ | ਇਸ ਤੋਂ ਇਲਾਵਾ ਪਾਰਕਿੰਗ ਦਾ ਫਰਸ਼ ਵੀ ਟੁੱਟਾ ਹੋਇਆ ਹੈ | ਇਸ ਤੋਂ ਇਲਾਵਾ ਪਾਰਕਿੰਗ ਦੀ ਸਭ ਤੋਂ ਉਪਰੀ ਮੰਜ਼ਿਲ 'ਤੇ ਘਾਹ ਜੰਮਿਆ ਹੋਇਆ ਹੈ | ਪਾਰਕਿੰਗ ਵਿਚ ਅੱਗ ਬੁਝਾਊ ਯਤਨ ਵੀ ਖਰਾਬ ਹੋ ਚੁੱਕੇ ਹਨ ਤੇ ਨਾ ਹੀ ਪਾਰਕਿੰਗ ਵਿਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ | ਇਸ ਤੋਂ ਇਲਾਵਾ ਪਾਰਕਿੰਗ ਦੇ ਅੰਦਰ ਕੂੜਾ ਵੀ ਪਿਆ ਹੋਇਆ ਹੈ | ਪਾਰਕਿੰਗ ਦੇ ਅੰਦਰ ਲਾਈਟਾਂ ਵੀ ਖਰਾਬ ਹੋ ਚੁੱਕਿਆ ਹਨ | ਪਾਰਕਿੰਗ ਦੀ ਉਪਰੀ ਮੰਜ਼ਿਲ 'ਤੇ ਬਣਿਆ ਸਵਿਮਿੰਗ ਪੂਲ ਵੀ ਨਸ਼ਟ ਹੋ ਚੁੱਕਾ ਹੈ | ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਨਗਰ ਨਿਗਮ ਦੇ ਕੋਲ ਆਮਦਨੀ ਦਾ ਇਕ ਵਧੀਆ ਸਾਧਨ ਹੈ, ਪਰ ਨਗਰ ਨਿਗਮ ਵਲੋਂ ਇਸ ਸਾਧਨ ਤੋਂ ਵਧੀਆ ਆਮਦਨੀ ਪ੍ਰਾਪਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ | ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਇਸ ਪਾਰਕਿੰਗ ਦੀ ਮੁਰੰਮਤ ਕਰਨ ਲਈ ਜਲਦ ਹੀ ਟੈਂਡਰ ਲਗਾਉਂਦਾ ਹੈ ਜਾਂ ਫਿਰ ਇਹ ਪਾਰਕਿੰਗ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਮੰਦਹਾਲੀ ਉਪਰ ਅੱਥਰੂ ਵਹਾਉਂਦੀ ਰਹੇਗੀ | ਜਦ ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤਾ ਗਈ, ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ |