ਲੁਧਿਆਣਾ, 21 ਜੁਲਾਈ (ਜਗਮੀਤ ਸਿੰਘ)-ਨਗਰ ਨਿਗਮ ਲੁਧਿਆਣਾ ਵਲੋਂ ਸ਼ਹਿਰ ਨੂੰ ਗੰਦਗੀ ਅਤੇ ਕੂੜੇ ਤੋਂ ਰਾਹਤ ਦਿਵਾਉਣ ਅਤੇ ਸਾਫ ਸੁਥਰਾ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ 'ਚ ਸਬੰਧਿਤ ਸੈਨੇਟਰੀ ਇੰਸਪੈਕਟਰਾਂ ਨੂੰ ਆਪਣੇ-ਆਪਣੇ ਇਲਾਕਿਆਂ 'ਚ ਸਫਾਈ ਦੀ ਪ੍ਰਮੁੱਖਤਾ ਦਿੰਦੇ ਹੋਏ ਖੁੱਲੇ 'ਚ ਕੂੜੇ ਦੇ ਢੇਰਾਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ | ਸਫਾਈ ਨੂੰ ਲੈ ਕੇ ਕੁਝ ਦਿਨ ਪਹਿਲਾਂ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਵਲੋਂ ਡਿਊਟੀ 'ਚ ਲਾਪਰਵਾਹੀ ਦੇ ਚੱਲਦੇ ਇਕ ਇੰਸਪੈਕਟਰ ਨੂੰ ਮੁਅੱਤਲ ਵੀ ਕੀਤਾ ਗਿਆ ਸੀ | ਨਗਰ ਨਿਗਮ ਅਧਿਕਾਰੀਆਂ ਦੀਆਂ ਇਹ ਕੋਸ਼ਿਸ਼ਾਂ ਸਫਲ ਹੁੰਦੀਆਂ ਵਿਖਾਈ ਨਹੀਂ ਦਿੰਦੀਆਂ | ਜਿਸਦਾ ਪ੍ਰਤੱਖ ਸਬੂਤ ਨਗਰ ਨਿਗਮ ਜੋਨ-ਸੀ ਅਧੀਨ ਆਉਂਦੀ ਪੁਰਾਣੀ ਸਬਜ਼ੀ ਮੰਡੀ, ਸ਼ਿਮਲਾਪੁਰੀ ਨੇੜੇ ਖਾਲੀ ਪਲਾਟ 'ਚ ਖੁੱਲੇ 'ਚ ਹੀ ਲੱਗੇ ਹੋਏ ਕੂੜੇ ਦੇ ਢੇਰਾਂ ਤੋਂ ਦੇਖਣ ਨੂੰ ਸਾਫ ਮਿਲਦਾ ਹੈ | ਭਾਵੇਂਕਿ ਨਗਰ ਨਿਗਮ ਵਲੋਂ ਘਰਾਂ ਤੋਂ ਕੂੜਾ ਇਕੱਠਾ ਕਰਨ ਲਈ ਆਪਣੀਆਂ ਗੱਡੀਆਂ ਅਤੇ ਈ-ਰਿਕਸ਼ਾ ਭੇਜੇ ਜਾ ਰਹੇ ਹਨ | ਪਰ ਇਸਦੇ ਬਾਵਜੂਦ ਵੀ ਲੋਕ ਇਸ ਖਾਲੀ ਪਲਾਟ 'ਚ ਹੀ ਗੰਦਗੀ ਅਤੇ ਕੂੜੇ ਦੇ ਢੇਰ ਲਗਾ ਰਹੇ ਹਨ | ਜਿਨ੍ਹਾਂ ਵੱਲ ਕਿਸੇ ਵੀ ਅਧਿਕਾਰੀ ਜਾਂ ਇੰਸਪੈਕਟਰ ਦਾ ਧਿਆਨ ਨਹੀਂ ਜਾ ਰਿਹਾ | ਇਸ ਖਾਲੀ ਪਲਾਟ 'ਚ ਲੱਗਿਆ ਹੋਇਆ ਕੂੜੇ ਦਾ ਢੇਰ ਬਰਸਾਤੀ ਮੌਸਮ ਦੇ ਚੱਲਦੇ ਭਿਆਨਕ ਬੀਮਾਰੀਆਂ ਵੰਡੇਗਾ | ਇਸ ਖਾਲੀ ਪਲਾਟ 'ਚ ਲੱਗੇ ਹੋਏ ਕੂੜੇ ਦੇ ਢੇਰ ਤੋਂ ਪੈਦਾ ਹੋਣ ਵਾਲੀ ਬਦਬੂ ਕਾਰਨ ਆਸਪਾਸ ਦੇ ਲੋਕਾਂ ਅਤੇ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਕੁਝ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਖਾਲੀ ਪਲਾਟ 'ਚ ਕੂੜਾ ਕੋਈ ਹੋਰ ਨਹੀਂ ਬਲਕਿ ਲੋਕ ਹੀ ਤੜਕਸਾਰ ਜਾਂ ਰਾਤ ਦੇ ਹਨ੍ਹੇਰੇ 'ਚ ਸੁੱਟਕੇ ਜਾਂਦੇ ਹਨ, ਜਿਨ੍ਹਾਂ ਨੂੰ ਰੋਕਣ ਲਈ ਨਗਰ ਨਿਗਮ ਵਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਜਾਂਦੀ, ਜਿਸ ਕਾਰਨ ਕੂੜੇ ਦਾ ਇਹ ਢੇਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ | ਇਸ ਸਬੰਧੀ ਜਦੋਂ ਸਬੰਧਿਤ ਸੈਨੇਟਰੀ ਇੰਸਪੈਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ |