ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਇਕ ਕਲੋਨਾਈਜ਼ਰ ਨੂੰ ਬਲੈਕਮੇਲ ਅਤੇ ਜਾਲਸਾਜ਼ੀ ਕਰਨ ਦੇ ਦੋਸ਼ ਤਹਿਤ ਆਰਟੀਆਈ ਐਕਟੀਵਿਸਟ ਰਛਪਾਲ ਸਿੰਘ ਗਾਬੜੀਆ ਅਤੇ ਪਟਵਾਰੀ ਜਗਤਾਰ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਐਲੀਸਿਆਂਨ ਇਨਫਰਾਂ ਦੇ ਮਾਲਕ ਇੰਦਰਜੀਤ ਸਿੰਘ ਦਿਓਲ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਉਕਤ ਦੋਵੇਂ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਨ ਬਾਰੇ ਕਿਹਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਟਵਾਰੀ ਜਗਤਾਰ ਸਿੰਘ ਅਤੇ ਗਾਬੜੀਆ ਨੇ ਆਪਸ ਵਿਚ ਮਿਲੀ ਭੁਗਤ ਕਰਕੇ ਪਹਿਲਾਂ ਇੰਦਰਜੀਤ ਸਿੰਘ ਦਿਓਲ ਨੂੰ ਇੱਕ ਕਥਿਤ ਤੌਰ 'ਤੇ ਜਾਅਲੀ ਐਨ. ਓ. ਸੀ. ਦੇ ਦਿੱਤੀ ਅਤੇ ਬਾਅਦ ਵਿਚ ਗਾਬੜੀਆ ਵਲੋਂ ਇਸ ਸਬੰਧੀ ਆਰਟੀਆਈ ਰਾਹੀਂ ਜਾਣਕਾਰੀ ਹਾਸਿਲ ਕੀਤੀ ਗਈ | ਜਦੋਂ ਪੁਲਿਸ ਵਲੋਂ ਜਾਂਚ ਕੀਤੀ ਤਾਂ ਇਨ੍ਹਾਂ ਦੀ ਆਪਸ ਵਿਚ ਮਿਲੀ ਭੁਗਤ ਸਾਹਮਣੇ ਆਈ | ਐਡਵੋਕੇਟ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਗਾਬੜੀਆ ਲਗਾਤਾਰ ਇੰਦਰਜੀਤ ਸਿੰਘ ਨੂੰ ਕਥਿਤ ਤੌਰ 'ਤੇ ਬਲੈਕਮੇਲ ਕਰ ਰਿਹਾ ਸੀ |