ਲੁਧਿਆਣਾ, 21 ਜੁਲਾਈ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਫਾਰਮ ਵਿਖੇ ਟਰੈਕਟਰਾਂ ਲਈ ਜੀ.ਐਨ.ਐਸ.ਐਸ.-ਆਧਾਰਿਤ ਆਟੋ-ਸਟੀਅਰਿੰਗ ਸਿਸਟਮ ਦਾ ਉਦਘਾਟਨ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਵਲੋਂ ਕੀਤਾ ਗਿਆ | ਜ਼ਿਕਰਯੋਗ ਹੈ ਕਿ ਆਟੋ-ਸਟੀਅਰਿੰਗ ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਹੈ, ਜੋ ਟਰੈਕਟਰ ਚਲਾਉਣ ਦੌਰਾਨ ਸਟੀਅਰਿੰਗ ਨੂੰ ਸਵੈ-ਚਾਲਿਤ ਕਰਨ ਲਈ ਤਿਆਰ ਕੀਤਾ ਗਿਆ ਹੈ | ਇਹ ਸਿਸਟਮ ਸੈਂਸਰਾਂ ਅਤੇ ਇਕ ਟੱਚਸਕ੍ਰੀਨ ਕੰਟਰੋਲ ਜ਼ਰੀਏ ਕਈ ਸੈਟੇਲਾਈਟ ਤੋਂ ਸਿਗਨਲਾਂ ਨੂੰ ਨਿਰਦੇਸ਼ਤ ਕਰਕੇ ਟਰੈਕਟਰਾਂ ਨੂੰ ਸਹੀ ਅਤੇ ਦੱਸੇ ਮਾਰਗਾਂ 'ਤੇ ਤੋਰਦਾ ਹੈ | ਇਹ ਘੱਟ ਰੌਸ਼ਨੀ ਵਾਲੇ ਹਾਲਾਤ ਵਿਚ ਵੀ ਬਿਹਤਰ ਟਰੈਕਟਰ ਚਾਲਨ ਨੂੰ ਯਕੀਨੀ ਬਣਾ ਕੇ ਗਲਤੀਆਂ ਦੀ ਗੁੰਜਾਇਸ਼ ਘੱਟ ਕਰਦਾ ਹੈ | ਪੀ.ਏ.ਯੂ. ਦੇ ਤਜਰਬਿਆਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਆਟੋ ਸਟੀਅਰਿੰਗ ਦੇ ਨਾਲ ਡਿਸਕ ਹੈਰੋ, ਕਲਟੀਵੇਟਰ, ਰੋਟਾਵੇਟਰ ਅਤੇ ਪੀ.ਏ.ਯੂ. ਸਮਾਰਟ ਸੀਡਰ ਵਰਗੇ ਸੰਦਾਂ ਨੇ ਕਾਫ਼ੀ ਹੱਦ ਤੱਕ ਸਹੀ ਕਾਰਜ ਕੀਤਾ | ਮੈਨੂਅਲ ਸਟੀਅਰਿੰਗ ਦੇ ਨਾਲ ਡਿਸਕ ਹੈਰੋ, ਕਲਟੀਵੇਟਰ, ਰੋਟਾਵੇਟਰ ਅਤੇ ਪੀ.ਏ.ਯੂ. ਸਮਾਰਟ ਸੀਡਰ ਵਰਗੇ ਫੀਲਡ ਉਪਕਰਨਾਂ ਨੇ 3 ਤੋਂ 12 ਫ਼ੀਸਦੀ ਦੇ ਵਿਚਕਾਰ ਓਵਰਲੈਪ ਦਿਖਾਇਆ | ਆਟੋ ਸਟੀਅਰਿੰਗ ਸਿਸਟਮ ਨਾਲ ਏ ਓਵਰਲੈਪ ਘੱਟ ਕੇ ਇਕ ਫ਼ੀਸਦੀ ਹੋ ਗਏ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਹਾ ਕਿ ਇਸ ਵਿਧੀ ਦੀ ਸ਼ੁਰੂਆਤ ਨਾਲ ਖੇਤੀਬਾੜੀ ਵਿਚ ਡਿਜੀਟਲ ਤਬਦੀਲੀ ਵੱਲ ਪੀ.ਏ.ਯੂ. ਦੀ ਪਹਿਲਕਦਮੀ ਨੂੰ ਵਿਸ਼ੇਸ਼ ਗਤੀ ਪ੍ਰਾਪਤ ਹੋਈ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਿਰਫ਼ ਨਵੀਂ ਤੋਂ ਨਵੀਂ ਤਕਨਾਲੋਜੀ ਨੂੰ ਅਪਣਾ ਨਹੀਂ ਰਹੀ ਹੈ, ਸਗੋਂ ਖੇਤੀ ਨੂੰ ਲਾਭਦਾਇਕ, ਕੁਸ਼ਲ ਅਤੇ ਟਿਕਾਊ ਰੱਖਣ ਲਈ ਜ਼ਰੂਰੀ ਕੰਮ ਵੀ ਕਰ ਰਹੀ ਹੈ | ਪੀ. ਏ. ਯੂ. ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ (ਆਈ. ਏ. ਐਸ.) ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਕਾਢਾਂ ਨੂੰ ਹਾਲ ਹੀ ਵਿਚ ਰਾਸ਼ਟਰੀ ਮਾਨਤਾ ਮਿਲੀ, ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਟਿਆਲਾ ਵਿਚ ਇਕ ਪ੍ਰਦਰਸ਼ਨੀ ਦੌਰਾਨ ਪੀ.ਏ.ਯੂ. ਦੇ ਸੈਂਸਰ-ਆਧਾਰਿਤ ਝੋਨਾ ਟਰਾਂਸਪਲਾਂਟਰ ਦਾ ਤਜਰਬਾ ਕੀਤਾ ਸੀ | ਆਪੇ ਚੱਲਣ ਵਾਲੇ ਟਰੈਕਟਰ ਦੀ ਇਸ ਤਕਨਾਲੋਜੀ ਦੇ ਵਿਕਾਸ ਵਿਚ ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮਾਹਿਰ ਡਾ. ਅਸੀਮ ਵਰਮਾ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ |