16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਐਂਟੀ-ਡੇਂਗੂ ਮੁਹਿੰਮ ਦੇ ਹਿੱਸੇ ਵਜੋਂ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਥਾਣਿਆਂ ਦੀ ਜਾਂਚ <br/>

ਅਜੀਤ ਡੈਸਕ 21-07-2025
ਲੁਧਿਆਣਾ, 20 ਜੁਲਾਈ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਐਂਟੀ-ਡੇਂਗੂ ਮੁਹਿੰਮ ਦੇ ਤਹਿਤ ਅੱਜ ਲੁਧਿਆਣਾ ਦੇ 104 ਪੁਲਿਸ ਥਾਣਿਆਂ 'ਚ ਜਾਂਚ ਮੁਹਿੰਮ ਚਲਾਈ ਗਈ | ਚਿੰਤਾਜਨਕ ਗੱਲ ਇਹ ਰਹੀ ਕਿ 10 ਪੁਲਿਸ ਥਾਣਿਆਂ 'ਚ ਡੇਂਗੂ ਦੇ ਲਾਰਵਾ ਮਿਲੇ , ਜੋ ਕਿ ਜਨਤਕ ਅਦਾਰਿਆਂ ਵਿਚ ਵੀ ਹੋ ਰਹੀ ਲਾਪਰਵਾਹੀ ਵੱਲ ਇਸ਼ਾਰਾ ਕਰਦੇ ਹਨ | ਇਹ ਮੁਹਿੰਮ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਚਲਾਈ ਗਈ, 352 ਸਿਹਤ ਟੀਮਾਂ ਵਲੋਂ ਇਸ ਮੁਹਿੰਮ ਨੂੰ ਨੇਪਰੇ ਚੜਿ੍ਹਆ ਗਿਆ | ਪੁਲਿਸ ਥਾਣਿਆਂ ਤੋਂ ਇਲਾਵਾ 614 ਖ਼ਾਲੀ ਪਲਾਟ, 22,648 ਘਰ ਅਤੇ ਲਗਭਗ 40,000 ਪਾਣੀ ਵਾਲੇ ਬਰਤਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 121 ਬਰਤਨਾਂ ਵਿਚ ਲਾਰਵਾ ਪਾਇਆ ਗਿਆ | 92 ਘਰਾਂ ਵਿਚ ਵੀ ਲਾਰਵਾ ਮਿਲਣ ਨਾਲ ਇਹ ਸਾਬਤ ਹੋਇਆ ਕਿ ਮੀਂਹ ਦੇ ਮੌਸਮ ਵਿਚ ਲੋਕਾਂ ਵਿਚ ਹੋਰ ਜਾਗਰੂਕਤਾ ਲਿਆਉਣ ਦੀ ਲੋੜ ਹੈ | ਡਾ.ਰਮਨਦੀਪ ਕੌਰ ਨੇ ਕਿਹਾ ਕਿ ਬਹੁਤ ਸਾਰੇ ਪੁਲਿਸ ਥਾਣਿਆਂ 'ਚ ਲਾਰਵਾ ਮਿਲਣਾ ਇਹ ਦਰਸਾਉਂਦਾ ਹੈ ਕਿ ਡੇਂਗੂ ਤੋਂ ਬਚਾਅ ਲਈ ਹਰ ਜਗ੍ਹਾ ਤੇ ਸਾਵਧਾਨ ਰਹਿਣਾ ਜ਼ਰੂਰੀ ਹੈ | ਮੱਛਰਾਂ ਦੀ ਬਰੀਡਿੰਗ ਨੂੰ ਰੋਕਣ ਲਈ ਜਨਤਾ ਅਤੇ ਸੰਸਥਾਵਾਂ ਦੋਹਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ | ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ੀਤਲ ਨਾਰੰਗ ਨੇ ਕਿਹਾ ਕਿ ਮੱਛਰਾਂ ਦੀ ਰੋਕਥਾਮ ਲਈ ਹਫ਼ਤੇਵਾਰ ਸਫ਼ਾਈ, ਪਾਣੀ ਵਾਲੇ ਬਰਤਨਾਂ, ਟੈਂਕੀਆਂ, ਕੂਲਰਾਂ ਅਤੇ ਗਮਲਿਆਂ ਦੀ ਠੀਕ ਤਰੀਕੇ ਨਾਲ ਸਫ਼ਾਈ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੇ ਸਮਾਜ ਇਕਜੁੱਟ ਹੋ ਜਾਏ ਤਾਂ ਡੇਂਗੂ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ | ਜਾਗਰੂਕਤਾ ਮੁਹਿੰਮ ਦੇ ਤਹਿਤ ਵੱਖ-ਵੱਖ ਪੁਲਿਸ ਥਾਣਿਆਂ ਵਿਚ ਸਿਹਤ ਸਬੰਧੀ ਟਾਕ ਦਿੱਤੀ ਗਈ, ਜਿਸ ਦੌਰਾਨ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਲਈ ਰੋਲ ਮਾਡਲ ਬਣਨ ਦੀ ਅਪੀਲ ਕੀਤੀ ਗਈ | ਜ਼ਮੀਨੀ ਪੱਧਰ 'ਤੇ ਜਾਂਚ ਅਤੇ ਟੀਮਾਂ ਦੇ ਕੰਮ ਨੂੰ ਯਕੀਨੀ ਬਣਾਉਣ ਲਈ ਸਿਵਲ ਸਰਜਨ ਦਫ਼ਤਰ ਦੇ ਸਾਰੇ ਪ੍ਰੋਗਰਾਮ ਅਫ਼ਸਰਾਂ ਨੇ ਵੱਖ-ਵੱਖ ਇਲਾਕਿਆਂ ਵਿਚ ਦੌਰੇ ਕਰਕੇ ਇਸ ਦੀ ਨਿਗਰਾਨੀ ਕੀਤੀ | ਇਨ੍ਹਾਂ ਵਿਚ ਡਾ.ਵਿਵੇਕ ਕਟਾਰੀਆ ਅਸਿਸਟੈਂਟ ਸਿਵਲ ਸਰਜਨ, ਡਾ. ਜਗਦੀਪ ਕੌਰ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ, ਡਾ. ਅਮਿਤਾ ਅਰੋੜਾ ਡੀ.ਆਈ.ਓ., ਡਾ. ਅਮਰਜੀਤ ਕੌਰ ਡੀ.ਐਚ.ਓ. ਅਤੇ ਡਾ. ਅਮਨਪ੍ਰੀਤ ਕੌਰ ਡੀ.ਐਫ.ਡਬਲਯੂ.ਓ. ਸ਼ਾਮਿਲ ਸਨ | ਇਸ ਮੁਹਿੰਮ ਦੌਰਾਨ ਅਸਿਸਟੈਂਟ ਮਲੇਰੀਆ ਅਫ਼ਸਰ ਮਨਪ੍ਰੀਤ ਸਿੰਘ, ਦਲਬੀਰ ਸਿੰਘ, ਬਲਵਿੰਦਰਪਾਲ ਸਿੰਘ ਅਤੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਪ੍ਰੇਮ ਸਿੰਘ, ਸਤਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ | ਉਨ੍ਹਾਂ ਦੀ ਮਿਹਨਤ ਅਤੇ ਫ਼ੀਲਡ ਵਰਕ ਮੱਛਰਾਂ ਦੇ ਬਰੀਡਿੰਗ ਸਥਾਨਾਂ ਦੀ ਪਛਾਣ ਅਤੇ ਨਾਸ਼ ਕਰਨ ਵਿਚ ਮਦਦਗਾਰ ਸਾਬਤ ਹੋਈ |

ਪਿਛਲੀ ਖ਼ਬਰ ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਉਪਰੰਤ ਦੇਸ਼ ਪਰਤੇ <br/> ਅਗਲੀ ਖ਼ਬਰ ਐਨ. ਐਸ. ਪੀ. ਐਸ. ਦੇ ਕੁਇਜ਼ ਫਾਈਨਲਿਸਟ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।