ਲੁਧਿਆਣਾ, 20 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਜਵੱਦੀ ਨਹਿਰ ਦੇ ਕੋਲ ਪੈਂਦੇ ਇਕ ਦਿਲ ਦੇ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਸੜਕ 'ਤੇ ਨਾਜਾਇਜ਼ ਕਬਜ਼ਾ ਕਰਕੇ ਪਾਰਕਿੰਗ ਦੀ ਥਾਂ ਬਣਾਉਣ ਤੇ ਸੜਕ 'ਤੇ ਹੀ ਸ਼ੈੱਡ ਬਣਾ ਕੇ ਉਸ ਦੇ ਹੇਠ ਕੰਟੀਨ ਚਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ ਤੇ ਉਕਤ ਮਾਮਲਾ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਧਿਆਨ ਵਿਚ ਆਉਣ 'ਤੇ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ | ਜ਼ਿਕਰਯੋਗ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਕੇਵਲ ਉਕਤ ਨਾਜਾਇਜ਼ ਕਬਜ਼ੇ ਹੀ ਨਹੀਂ ਕੀਤੇ ਗਏ ਹਨ, ਇਸ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਹਸਪਤਾਲ ਦੇ ਪਿੱਛੇ ਬਣੀ ਹੋਈ ਕਾਲੋਨੀ 'ਚ ਜਾਣ ਲਈ ਨਿਕਲ ਰਹੀ ਸੜਕ ਉਪਰ ਵੀ ਨਾਜਾਇਜ਼ ਤਰੀਕੇ ਨਾਲ ਪਾਰਕਿੰਗ ਕੀਤੀ ਜਾਂਦੀ ਹੈ, ਜਿਸ ਨੰੂ ਲੈ ਕੇ ਹਸਪਤਾਲ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਬਾਹਰ ਤੱਕ ਗਮਲੇ ਅਤੇ ਸ਼ੈੱਡ ਪਾ ਕੇ ਕਬਜ਼ਾ ਕਰਕੇ ਪਾਰਕਿੰਗ ਲਈ ਜਗ੍ਹਾ ਬਣਾਈ ਗਈ ਹੈ, ਜਿਸ ਨਾਲ ਉਨ੍ਹਾਂ ਨੰੂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |