ਲੁਧਿਆਣਾ, 20 ਜੁਲਾਈ (ਜਸਵਿੰਦਰ ਸਿੰਘ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿਖੇ ਪੀਜੀ ਕਾਮਰਸ ਅਤੇ ਬਿਜ਼ਨਸ ਐਡਮਨਿਸਟੇ੍ਰਸ਼ਨ ਵਿਭਾਗ ਨੇ ਬੀ. ਕਾਮ ਪਹਿਲੇ ਅਤੇ ਬੀ.ਬੀ.ਏ. ਪਹਿਲੇ ਸਮੈਸਟਰ ਦੀਆ ਵਿਦਿਆਰਥਣਾਂ ਲਈ ਇੰਡਕਸ਼ਨ ਸੈਸ਼ਨ ਦਾ ਪ੍ਰਬੰਧ ਕੀਤਾ | ਇਸ ਦੌਰਾਨ ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕੌਰ ਨੇ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਦਾ ਕਾਲਜ ਦੇ ਵਿਹੜੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਵਚਨਬੱਧਤਾ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਵਿਭਾਗ ਮੁੱਖੀ ਡਾ. ਸੁਮੇਧਾ ਗੁਪਤਾ ਨੇ ਵਿਦਿਆਰਥਣਾਂ ਨੂੰ ਵਿਭਾਗ ਦੇ ਕੰਮਕਾਜ ਬਾਰੇ ਚਾਨਣਾ ਪਾਉਂਦਿਆਂ ਕਾਲਜ ਦੇ ਵੱਖ-ਵੱਖ ਨਿਯਮਾਂ ਬਾਰੇ ਜਾਣੂ ਕਰਵਾਇਆ | ਪ੍ਰੋ. ਮੀਨਾਕਸ਼ੀ ਨੇ ਵਿਦਿਆਰਥਣਾਂ ਨੂੰ ਕਾਲਜ ਦੀਆਂ ਵੱਖ-ਵੱਖ ਕਮੇਟੀਆਂ ਤੇ ਕਲੱਬਾਂ ਦੀ ਮਹੱਤਤਾ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਕਾਲਜ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ | ਬਾਅਦ ਵਿਚ ਵਿਦਿਆਰਥਣਾਂ ਨੇ ਆਪਣੇ ਸੰਚਾਰ ਹੁਨਰ ਨੂੰ ਵਧਾਉਣ, ਸਹਿਯੋਗ ਅਤੇ ਟੀਮ ਵਰਕ ਦੀ ਮਹੱਤਤਾ ਸਿੱਖਣ ਲਈ ਕਈ ਖੇਡਾਂ ਖੇਡੀਆਂ | ਪਿ੍ੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਤੇ ਹੋਰ ਮੈਂਬਰਾਂ ਨੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਦੇ ਉੱਜਵਲ ਅਕਾਦਮਿਕ ਸਫ਼ਰ ਦੀ ਕਾਮਨਾ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ | ਵਿਦਿਆਰਥਣਾਂ ਨੇ ਇੰਡਕਸ਼ਨ ਸੈਸ਼ਨ ਦਾ ਪੂਰਾ ਆਨੰਦ ਮਾਣਿਆ |