15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਜਵੱਦੀ ਟਕਸਾਲ ਵਿਖੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਅਜੀਤ ਡੈਸਕ 21-07-2025
ਲੁਧਿਆਣਾ, 20 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕਿ੍ਸ਼ਨ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ | ਸੰਤ ਗਿਆਨੀ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕਿ੍ਸ਼ਨ ਜੀ ਮਹਾਰਾਜ ਦੇ ਜੀਵਨ, ਸਮਾਜ ਲਈ ਨਿਭਾਈਆਂ ਸੇਵਾਵਾਂ ਅਤੇ ਅਜੋਕੇ ਵਕਤ ਦੇ ਹਾਲਾਤਾਂ ਦੇ ਮੱਦੇ ਨਜ਼ਰ ਗੁਰਬਾਣੀ ਦੀ ਰੋਸ਼ਨੀ 'ਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫਰਮਾਇਆ ਕਿ ਗੁਰਬਾਣੀ ਪਰਾਈ ਭਾਵ ਜੀਵਨ ਲਈ ਅਯੋਗ ਪਦਾਰਥਾਂ ਦੀ ਖਿੱਚ ਸਿਰੇ ਤੋਂ ਮੇਟਣ ਵਾਲੀ ਹੈ | ਗੁਰਬਾਣੀ ਦਾ ਗਿਆਨ ਸਾਰੇ ਭਰਮ ਤੇ ਸ਼ੰਕਾਵਾਂ ਦੂਰ ਕਰਨ ਵਾਲਾ ਹੈ ਤੇ ਪਰਮਾਤਮਾ ਦੀ ਵਡਿਆਈ ਨਾਲ ਜੋੜਨ ਵਾਲਾ ਹੈ | ਮਾਇਆ ਵਿਚ ਰਮੇ ਹੋਏ ਤੇ ਵਿਕਾਰਾਂ 'ਚ ਫਸੇ ਹੋਏ ਮਨ ਨੂੰ ਸਮਝਾਉਣਾ ਭਾਵੇਂ ਅਤਿ ਕਠਨ ਹੈ | ਪਰ ਗੁਰਬਾਣੀ ਦੀ ਕਰਾਮਾਤ ਮਨ ਨੂੰ 'ਨਾਮ' ਨਾਲ ਜੋੜਨ ਤੇ 'ਨਾਮ ਜਪਣ' ਲਈ ਪ੍ਰੇਰਨਾ ਨਾਲ ਵਰਤਦੀ ਹੈ | 'ਨਾਮ ਸਿਮਰਨ' ਮਨ ਨੂੰ ਮਾਇਆ ਮੋਹ ਤੇ ਵਿਕਾਰ ਤੋਂ ਮੁਕਤ ਕਰਨ ਦੀ ਵਿਧੀ ਹੈ | ਉਨ੍ਹਾਂ ਅਜੋਕੇ ਹਾਲਤਾਂ ਵੱਲ ਇਸ਼ਾਰਾ ਕਰਦਿਆਂ ਫ਼ੁਰਮਾਇਆ ਕਿ ਨਸ਼ੇ ਵਿਕਾਰਾਂ ਤੋਂ ਜਨਮੇ ਪਾਪ ਹਨ | ਗੁਰਬਾਣੀ ਨਾਮ ਦੀ ਦਾਤ ਵਿਕਾਰਾਂ ਨੂੰ ਵੱਸ 'ਚ ਕਰਨ ਵਾਲੀ ਹੈ | ਨਸ਼ੇ ਦੀ ਲੱਤ ਬੇਬਸੀ ਬਣ ਜਾਂਦੀ ਹੈ, ਇਸ ਬੇਵਸੀ ਨੂੰ ਤੋੜਨ ਲਈ ਇਸ ਦੀਆਂ ਜੜ੍ਹਾਂ ਭਾਵ ਵਿਕਾਰਾਂ ਤੇ ਵਾਰ ਨਾਮ ਸਿਮਰਨ ਹੀ ਕਰਦਾ ਹੈ | ਨਾਮ ਜਪਣਾ ਇਕ ਸੁਚੱਜਾ ਜੀਵਨ ਨੇਮ ਬਣਾਉਂਦਾ ਹੈ | ਉਨ੍ਹਾਂ ਭਰਮ ਤੇ ਵਿਕਾਰਾਂ 'ਚ ਪਏ ਲੋਕਾਂ ਨੂੰ ਸਤਸੰਗਤ ਕਰਨ ਤੇ ਗੁਰੂ ਸ਼ਬਦ ਰਾਹੀਂ ਦੁਬਿਧਾਵਾਂ ਦੂਰ ਕਰਨ ਲਈ ਪ੍ਰੇਰਿਆ | ਬਾਬਾ ਜੀ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਗੁਰਬਾਣੀ ਨਾਮ ਸਿਮਰਨ ਨਾਲ ਹੀ ਮਨ ਦੀ ਲਿਵ ਪਰਮਾਤਮਾ ਨਾਲ ਜੁੜਦੀ ਹੈ ਤੇ ਸੱਚੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ | ਇਸ ਤੋਂ ਪਹਿਲਾਂ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

ਪਿਛਲੀ ਖ਼ਬਰ ਵਿਆਹੁਤਾ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪਤੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।