ਆਲਮਗੀਰ, 20 ਜੁਲਾਈ (ਜਰਨੈਲ ਸਿੰਘ ਪੱਟੀ)-ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ 22 ਜੁਲਾਈ ਦਿਨ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਦਿੱਤੇ ਜਾਣ ਵਾਲੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਹਲਕਾ ਗਿੱਲ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਦੀ ਅਗਵਾਈ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਹੋਈ | ਜਿਸ ਵਿੱਚ ਚੰਦ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ, ਭੁਪਿੰਦਰ ਸਿੰਘ ਭਿੰਦਾ ਸ਼ਹਿਰੀ ਪ੍ਰਧਾਨ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਿਸਾਨ ਵਿਰੋਧੀ ਨੀਤੀ ਦੇ ਵਿਰੋਧ ਵਿੱਚ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਜੋ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਉਸ ਨੂੰ ਸਫਲ ਬਣਾਉਣ ਲਈ ਹਲਕਾ ਗਿੱਲ ਅੰਦਰ ਮੀਟਿੰਗਾਂ ਕਰਕੇ ਅਕਾਲੀ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਉਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਰੁੱਧ ਲਗਾਏ ਜਾ ਰਹੇ ਰੋਸ ਧਰਨੇ ਪ੍ਰਤੀ ਵਿਧਾਨ ਸਭਾ ਹਲਕਾ ਗਿੱਲ ਦੇ ਅਕਾਲੀ ਵਰਕਰਾਂ ਦੇ ਮਨਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਕਾਰਨ ਹਲਕਾ ਗਿੱਲ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਦਾ ਕਾਫ਼ਲਾ ਲੈ ਕੇ ਸ਼ਮੂਲੀਅਤ ਕਰਾਂਗੇ | ਐਡਵੋਕੇਟ ਹਰਨਾਮਪੁਰਾ ਨੇ ਦੱਸਿਆ ਕਿ ਰੋਸ ਧਰਨੇ ਸਬੰਧੀ ਹਲਕਾ ਗਿੱਲ ਦੇ ਸਰਕਲ ਪ੍ਰਧਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਉਹਨਾਂ ਕਿਹਾ ਕਿ ਅਕਾਲੀ ਦਲ ਦੇ ਜੁਝਾਰੂ ਵਰਕਰ ਆਪ ਸਰਕਾਰ ਦੇ ਮਨਸੂਬਿਆਂ 'ਤੇ ਪਾਣੀ ਫੇਰਦਿਆਂ ਕਿਸਾਨਾਂ ਦੀ 24 ਹਜ਼ਾਰ ਏਕੜ ਉਪਜਾਊ ਜ਼ਮੀਨ ਸਰਮਾਏਦਾਰਾਂ ਨੂੰ ਨਹੀਂ ਹੜੱਪਣ ਦੇਣਗੇ ਅਤੇ ਕਿਸਾਨਾਂ ਦੀ ਜ਼ਮੀਨ ਕਿਸੇ ਵੀ ਕੀਮਤ 'ਤੇ ਐਕਵਾਇਰ ਨਹੀਂ ਹੋਣ ਦੇਣਗੇ | ਅਖੀਰ ਵਿੱਚ ਐਡਵੋਕੇਟ ਹਰਨਾਮਪੁਰਾ ਨੇ ਆਈ ਲੀਡਰਸ਼ਿਪ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੀਟਿੰਗ ਦੌਰਾਨ ਸਰਪੰਚ ਸੁਖਵਿੰਦਰ ਸਿੰਘ ਬੈਂਸ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਹਰਬੰਸ ਸਿੰਘ ਗੋਪਾਲਪੁਰ, ਹਰਦੀਪ ਸਿੰਘ ਮਨਸੂਰਾ, ਰਘਵੀਰ ਸਿੰਘ, ਇਕਬਾਲ ਸਿੰਘ,ਕਰਮਜੀਤ ਸਿੰਘ ਮਲਕਪੁਰ, ਸੁਰਿੰਦਰਜੀਤ ਸਿੰਘ (ਸਾਰੇ ਸਰਕਲ ਪ੍ਰਧਾਨ), ਸੀਨੀਅਰ ਅਕਾਲੀ ਆਗੂ ਤੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਹਰਨਾਮਪੁਰਾ, ਪਰਮਜੀਤ ਸਿੰਘ ਨੱਤ, ਜਸਵੰਤ ਸਿੰਘ ਚਹਿਲ, ਅੰਮਿ੍ਤਪਾਲ ਸਿੰਘ ਜੱਸਲ, ਤਜਿੰਦਰ ਸਿੰਘ ਬੈਂਸ ਤੋ ਇਲਾਵਾ ਵੱਡੀ ਗਿਣਤੀ ਚ ਅਕਾਲੀ ਵਰਕਰ ਹਾਜ਼ਰ ਸਨ |